ਤਹਿਰਾਨ : ਈਰਾਨ ਦੇ ਸੁਪਰੀਮ ਲੀਡਰ ਆਯਾਤੁੱਲ੍ਹਾ ਅਲੀ ਖਾਮੇਨੀ ਨੇ ਕਿਹਾ ਹੈ ਕਿ ਜਿਹੜੇ ਲੋਕ ਈਰਾਨ ਦੇ ਇਤਿਹਾਸ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਈਰਾਨੀ ਧਮਕੀ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਕਰਦੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਦੇ ਸੰਦਰਭ ਵਿੱਚ ਖਾਮੇਨੀ ਨੇ ਟੀ ਵੀ ’ਤੇ ਖਿਤਾਬ ਕਰਦਿਆਂ ਕਿਹਾ ਕਿ ਈਰਾਨ ਮੜ੍ਹਿਆ ਅਮਨ ਜਾਂ ਜੰਗ ਮਨਜ਼ੂਰ ਨਹੀਂ ਕਰੇਗਾ। ਉਨ੍ਹਾ ਕਿਹਾਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਈਰਾਨ ਗੋਡੇ ਨਹੀਂ ਟੇਕੇਗਾ ਅਤੇ ਕਿਸੇ ਵੀ ਅਮਰੀਕੀ ਹਮਲੇ ਦੇ ਗੰਭੀਰ ਸਿੱਟੇ ਨਿਕਲਣਗੇ। ਇਜ਼ਰਾਈਲ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਉਸ ਨੂੰ ਇਸਦੀ ਸਜ਼ਾ ਦੇਵਾਂਗੇ। ਲੋਕ ਸ਼ਹੀਦਾਂ ਦੇ ਡੁੱਲ੍ਹੇ ਖੂਨ ਤੇ ਆਪਣੇ ਇਲਾਕੇ ’ਤੇ ਹਮਲੇ ਨੂੰ ਨਹੀਂ ਭੁੱਲਣਗੇ।
ਟਰੰਪ ਨੇ ਮੰਗਲਵਾਰ ਕਈ ਪੋਸਟਾਂ ਪਾ ਕੇ ਈਰਾਨ ਨੂੰ ਆਤਮ-ਸਮਰਪਣ ਕਰਨ ਲਈ ਧਮਕਾਇਆ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾ ਦਾ ਈਰਾਨੀ ਆਕਾਸ਼ ’ਤੇ ਮੁਕੰਮਲ ਕਬਜ਼ਾ ਹੋ ਗਿਆ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾ ਦੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਅਮਰੀਕੀ ਦਖਲਅੰਦਾਜ਼ੀ ਇੱਕ ਸੰਪੂਰਨ ਯੁੱਧ ਨੂੰ ਜਨਮ ਦੇਵੇਗੀ। ਇਸਮਾਈਲ ਬਾਘਾਈ ਨੇ ਅਲ ਜਜ਼ੀਰਾ ਇੰਗਲਿਸ਼ ’ਤੇ ਲਾਈਵ ਇੱਕ ਇੰਟਰਵਿਊ ਵਿੱਚ ਕਿਹਾ, ‘ਕੋਈ ਵੀ ਅਮਰੀਕੀ ਦਖਲਅੰਦਾਜ਼ੀ ਖੇਤਰ ਵਿੱਚ ਇੱਕ ਸੰਪੂਰਨ ਯੁੱਧ ਦਾ ਨੁਸਖਾ ਹੋਵੇਗੀ।’ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਵਿੱਚ ਈਰਾਨ ’ਤੇ ਇਜ਼ਰਾਈਲ ਦੇ ਹਮਲਿਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ, ਪਰ ਉਨ੍ਹਾ ਅਮਰੀਕਾ ਦੀ ਵੱਡੀ ਸ਼ਮੂਲੀਅਤ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਜੰਗਬੰਦੀ ਨਾਲੋਂ ਕੁਝ ਬਹੁਤ ਵੱਡਾ ਚਾਹੁੰਦੇ ਹਨ। ਅਮਰੀਕਾ ਨੇ ਖੇਤਰ ਵਿੱਚ ਹੋਰ ਜੰਗੀ ਜਹਾਜ਼ ਵੀ ਭੇਜੇ ਹਨ। ਈਰਾਨ ਤੇ ਇਜ਼ਰਾਈਲ ਵਿਚਾਲੇ ਸੰਘਰਸ਼ ਵਿੱਚ ਹੁਣ ਤਕ ਈਰਾਨ ’ਚ ਮਰਨ ਵਾਲਿਆਂ ਦੀ ਗਿਣਤੀ 585 ਹੋ ਚੁੱਕੀ ਹੈ। ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਗਰੁੱਪ ਮੁਤਾਬਕ 1326 ਲੋਕ ਜ਼ਖਮੀ ਹੋਏ ਹਨ। ਇਜ਼ਰਾਈਲੀ ਹਵਾਈ ਜਹਾਜ਼ਾਂ ਨੇ ਬੁੱਧਵਾਰ ਪੂਰਬੀ ਈਰਾਨ ਵਿੱਚ ਫੌਜੀ ਟਿਕਾਣਿਆਂ ’ਤੇ ਜ਼ੋਰਦਾਰ ਹਮਲੇ ਕੀਤੇ। ਉਸਨੇ ਕਿਹਾ ਕਿ ਉਸਦੇ 25 ਫਾਈਟਰਾਂ ਨੇ 40 ਮਿਜ਼ਾਈਲਾਂ ਦਾਗੀਆਂ। ਈਰਾਨ ਨੇ ਵੀ ਪਹਿਲੀ ਵਾਰ ਹਾਈਪਰਸੋਨਿਕ ਫਤਿਹ-1 ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਦੀ ਰਫਤਾਰ ਆਵਾਜ਼ ਨਾਲੋਂ ਪੰਜ ਗੁਣਾ ਵੱਧ ਹੈ। ਫੌਰੀ ਤੌਰ ’ਤੇ ਪਤਾ ਨਹੀਂ ਲੱਗਾ ਕਿ ਇਨ੍ਹਾਂ ਨੇ ਇਜ਼ਰਾਈਲੀ ਡਿਫੈਂਸ ਸਿਸਟਮ ਨੂੰ ਵਿੰਨ੍ਹ ਕੇ ਕਿੰਨਾ ਨੁਕਸਾਨ ਕੀਤਾ।
ਇਸੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਰਾਤ ਨੂੰ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਐਰਦੋਗਨ ਨੇ ਨੇਤਨਯਾਹੂ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਕਿਹਾ ਹੈ ਕਿ ਉਸਨੇ ਕਤਲੇਆਮ ਦੇ ਮਾਮਲੇ ਵਿੱਚ ਹਿਟਲਰ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਉਹ ਉਮੀਦ ਕਰਦੇ ਹਨ ਕਿ ਉਸਦਾ ਹਸ਼ਰ ਹਿਟਲਰ ਵਰਗਾ ਨਾ ਹੋਵੇ।
ਉਧਰ, ਅਮਰੀਕਾ ਨੇ ਸਕਾਟਲੈਂਡ ਤੇ ਇਟਲੀ ਵਿੱਚ ਲੜਾਕੇ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈ। ਇੱਕ ਦਿਨ ਪਹਿਲਾਂ ਅਮਰੀਕਾ ਨੇ ਇਟਲੀ ਤੋਂ ਦਰਜਨ ਭਰ ਐੱਫ-16 ਲੜਾਕੂ ਜਹਾਜ਼ ਸਾਊਦੀ ਅਰਬ ਦੇ ਪਿ੍ਰੰਸ ਸੁਲਤਾਨ ਏਅਰਬੇਸ ’ਤੇ ਟਰਾਂਸਫਰ ਕਰ ਦਿੱਤੇ ਸਨ।



