ਮੈਕਲੋਡਗੰਜ : ਤਿੱਬਤੀ ਧਾਰਮਿਕ ਆਗੂ ਦਲਾਈਲਾਮਾ ਦੇ 90ਵੇਂ ਜਨਮ ਦਿਨ ਨੂੰ ਲੈ ਕੇ ਜਾਰੀ ਜਸ਼ਨਾਂ ਦਰਮਿਆਨ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਸ਼ੁੱਕਰਵਾਰ ਮੈਕਲੋਡਗੰਜ ਵਿੱਚ ਸਥਾਨਕ ਸੰਚਾਰ ਕੇਂਦਰ ਦੇ ਮਾਲਕ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਉਸ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਖਾਲਿਸਤਾਨੀ ਕਾਰਕੰੁਨਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਦਲਾਈ ਲਾਮਾ ਦੇ ਜਨਮ ਦਿਨ ਸਮਾਰੋਹਾਂ ਵਿੱਚ ਸ਼ਾਮਲ ਹੋਣ ਵਾਲੇ ਕਈ ਵੀ ਵੀ ਆਈ ਪੀਜ਼ ਦੇ ਸੁਰੱਖਿਆ ਫਿਕਰਾਂ ਨਾਲ ਜੁੜੇ ਹਨ।
ਮੈਕਲੋਡਗੰਜ ਪੁਲਸ ਸਟੇਸ਼ਨ ਦੇ ਐੱਸ ਐੱਚ ਓ ਦੀਪਕ ਕੁਮਾਰ ਨੇ ਕਿਹਾ ਕਿ ਉਨ੍ਹਾ ਕੋਲ ਐੱਨ ਆਈ ਏ ਦੀ ਇਸ ਕਾਰਵਾਈ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾ ਕਿਹਾ, ‘‘ਅਸੀਂ ਵੇਰਵਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉੱਚ-ਪੱਧਰੀ ਸੁਰੱਖਿਆ ਫਿਕਰਾਂ ਨਾਲ ਜੁੜਿਆ ਮਾਮਲਾ ਜਾਪਦਾ ਹੈ।’’ ਧਰਮਸ਼ਾਲਾ ਸਥਿਤ ਇੱਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਖਾਲਿਸਤਾਨੀ ਜਥੇਬੰਦੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਕਥਿਤ ਦਹਿਸ਼ਤਗਰਦਾਂ ਦੀਆਂ ਵਿੱਤੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਜਾਂਚ ਦੇ ਘੇਰੇ ਵਿੱਚ ਆਏ ਵਿਅਕਤੀ ਦੀ ਪਛਾਣ ਸੰਨੀ ਪੁੱਤਰ ਘਿੰਦਰੋ ਰਾਮ ਵਜੋਂ ਹੋਈ ਹੈ। ਉਹ ਮੁਕਾਮੀ ਨੌਜਵਾਨ ਹੈ ਅਤੇ ਦਲਾਈ ਲਾਮਾ ਦੀ ਮੌਨੈਸਟਰੀ ਨੇੜੇ ਸੰਚਾਰ ਕੇਂਦਰ ਚਲਾਉਂਦਾ ਹੈ। ਉਸ ਦਾ ਵਿਆਹ ਕਥਿਤ ਰੂਸੀ ਨਾਗਰਿਕ ਨਾਲ ਹੋਇਆ ਹੈ, ਜੋ ਕਈ ਸਾਲਾਂ ਤੋਂ ਮੈਕਲੋਡਗੰਜ ਵਿੱਚ ਉਸ ਦੇ ਨਾਲ ਰਹਿ ਰਹੀ ਹੈ। ਏਜੰਸੀ ਨੇ ਫੋਰੈਂਸਿਕ ਜਾਂਚ ਲਈ ਦਸਤਾਵੇਜ਼, ਕੰਪਿਊਟਰ ਹਾਰਡ ਡਰਾਈਵ ਅਤੇ ਮੋਬਾਈਲ ਫੋਨ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਹਨ। ਸੂਤਰਾਂ ਅਨੁਸਾਰ, ਸੰਨੀ ਦੇ ਬੈਂਕ ਲੈਣ-ਦੇਣ ਅਤੇ ਵਿਦੇਸ਼ੀ ਮੁਦਰਾ ਗਤੀਵਿਧੀਆਂ ਨੇ ਸ਼ੱਕ ਪੈਦਾ ਕੀਤਾ ਹੈ। ਵਿਦੇਸ਼ ਬੈਠੇ ਵਿਅਕਤੀਆਂ ਖਾਸ ਕਰਕੇ ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਲੋਕਾਂ ਨਾਲ ਉਸ ਦੇ ਸੰਭਾਵੀ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।


