ਭਾਰਤ ਬੰਦ ਨੂੰ ਪੰਜਾਬ ’ਚ ਜ਼ਬਰਦਸਤ ਹੁੰਗਾਰਾ

0
172

ਅੰਮਿ੍ਰਤਸਰਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਪਰ ਬੁੱਧਵਾਰ ਅੰਮਿ੍ਰਤਸਰ ਬੱਸ ਸਟੈਂਡ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ, ਜਿਸ ਨੂੰ ਏਟਕ, ਐੱਚ ਐੱਮ ਐੱਸ, ਸੀਟੂ, ਸੀ ਟੀ ਯੂ, ਇੰਟਕ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਬੰਤ ਸਿੰਘ ਬਰਾੜ, ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਬਲਦੇਵ ਸਿੰਘ ਬੱਬੂ, ਬੈਂਕਾਂ ਦੇ ਆਗੂ ਰਵੀ ਰਾਜਧਾਨ, ਹਰਪ੍ਰੀਤ ਸਿੰਘ, ਸੁਰੇਸ਼ ਭਾਟੀਆ, ਨਰਿੰਦਰ ਬੱਲ, ਸਰੋਜ ਬਾਲਾ, ਗੁਰਮਿੰਦਰ ਕੌਰ, ਰਘਬੀਰ ਕੌਰ, ਦਸਵਿੰਦਰ ਕੌਰ, ਬ੍ਰਹਮਦੇਵ ਸ਼ਰਮਾ, ਤੀਰਥ ਸਿੰਘ ਕੋਹਾਲੀ, ਡਾ. ਭੁਪਿੰਦਰ ਸਿੰਘ, ਜਸਪਾਲ ਕੌਰ, ਰਾਕੇਸ਼ ਧਵਨ, ਰਵਿੰਦਰ ਕੌਰ, ਕੁਲਵੰਤ ਕੌਰ, ਕੰਵਲਜੀਤ ਕੌਰ, ਲਖਬੀਰ ਸਿੰਘ ਨਿਜ਼ਾਮਪੁਰਾ, ਕੰਵਲਜੀਤ ਕੌਰ, ਰਣਜੋਧ ਸਿੰਘ, ਡਾ. ਧਰਮਿੰਦਰ ਸਿੰਘ, ਪਰਮਿੰਦਰ ਸਿੰਘ ਵੜੈਚ, ਪ੍ਰਭਜੋਤ ਸਿੰਘ ਤਿੰਮੋਵਾਲ, ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਗੁਰਦੇਵ ਸਿੰਘ ਵਰਪਾਲ, ਹਰਜੀਤ ਸਿੰਘ ਝੀਤੇ, ਸੁਖਰਾਮ ਸਿੰਘ ਲੋਹਾਰਕਾ, ਜਤਿੰਦਰ ਸਿੰਘ ਛੀਨਾ, ਬਲਬੀਰ ਸਿੰਘ ਮੂਧਲ ਨੇ ਹੜਤਾਲ ਦੇ ਮੁੱਦਿਆਂ/ਮੰਗਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਰੁੱਧ ਹਨ। ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਵਿੱਚ ਵਾਧਾ ਕਰਨ ਵਾਲੀਆਂ ਹਨ ਅਤੇ ਕਿਰਤੀ ਵਰਗ ਲਈ ਬੇਹੱਦ ਨੁਕਸਾਨਦਾਇਕ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ 29 ਲੇਬਰ ਕਾਨੂੰਨਾਂ ਨੂੰ ਇੱਕੋ ਝਟਕੇ ਨਾਲ ਖਤਮ ਕਰਕੇ 4 ਲੇਬਰ ਕੋਡ ਜ਼ਬਰਦਸਤੀ ਲਾਗੂ ਕਰਨਾ ਚਾਹੁੰਦੀ ਹੈ। ਇਹ ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਹੱਕ ਬਿਲਕੁਲ ਖਤਮ ਹੋ ਜਾਣਗੇ ਅਤੇ ਉਹ ਗੁਲਾਮੀ ਵਾਲਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਗੇ। ਵੈਸੇ ਵੀ ਕੇਂਦਰ ਦੀ ਭਾਜਪਾ ਸਰਕਾਰ ਦੀ ਹੱਲਾਸ਼ੇਰੀ ਨਾਲ ਮਜ਼ਦੂਰਾਂ ਦੇ ਕੰਮ ਦੇ ਘੰਟੇ ਗੈਰ-ਕਾਨੂੰਨੀ ਢੰਗ ਨਾਲ ਵਧਾਏ ਜਾ ਰਹੇ ਹਨ, ਘੱਟੋ-ਘੱਟ ਮਜ਼ਦੂਰੀ ਅਤੇ ਸਮਾਜਿਕ ਸੁਰੱਖਿਆ ਦੇ ਕਾਨੂੰਨ ਲਾਗੂ ਨਹੀਂ ਹੋ ਰਹੇ। ਇਸੇ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਦਬਾਅ ਹੇਠ ਭਾਵੇਂ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਲੈ ਲਏ ਗਏ ਹਨ, ਪਰ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਉਸੇ ਤਰ੍ਹਾਂ ਹੀ ਲਟਕੀਆਂ ਪਈਆਂ ਹਨ। ਬੁਲਾਰਿਆਂ ਮੰਗ ਕੀਤੀ ਕਿ ਲੇਬਰ ਕੋਡ ਜ਼ਬਰਦਸਤੀ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਕਿਸਾਨਾਂ ਨੂੰ ਸਾਰੀਆਂ ਫਸਲਾਂ ਉਪਰ ਲਾਗਤ ਤੋਂ ਡੇਢ ਗੁਣਾ ਐੱਮ ਐੱਸ ਪੀ ਦਿੱਤੀ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜੇ ਮਾਫ ਕੀਤੇ ਜਾਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਕੀਤੀ ਜਾਵੇ ਅਤੇ ਕੰਮ 200 ਦਿਨ ਸਲਾਨਾ ਦਿੱਤਾ ਜਾਵੇ। ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਨਿਸਚਿਤ ਕੀਤੀ ਜਾਵੇ। ਪੀ ਐੱਫ ਦੇ ਮੈਂਬਰ ਮਜ਼ਦੂਰਾਂ ਦੀ ਪੈਨਸ਼ਨ ਘੱਟੋ-ਘੱਟ 9000 ਰੁਪਏ ਨਿਸਚਿਤ ਕੀਤੀ ਜਾਵੇ। ਜਿਹੜੇ ਮਜ਼ਦੂਰ ਕਿਸੇ ਵੀ ਸਕੀਮ ਵਿੱਚ ਨਹੀਂ ਆਉਂਦੇ, ਉਹਨਾਂ ਦੀ ਪੈਨਸ਼ਨ ਘੱਟੋ-ਘੱਟ 6000 ਰੁਪਏ ਮਹੀਨਾ ਕੀਤੀ ਜਾਵੇ। ਠੇਕਾ ਭਰਤੀ ਬੰਦ ਕੀਤੀ ਜਾਵੇ ਅਤੇ ਪੱਕੇ ਕੰਮ ਲਈ ਪੱਕੀ ਨੌਕਰੀ ਦਿੱਤੀ ਜਾਵੇ। ਅਗਨੀਵੀਰ ਸਕੀਮ ਅਧੀਨ ਫੌਜ ਦੀ ਭਰਤੀ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਭਰਤੀ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਸਭ ਲਈ ਸਿਹਤ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਵਿਜੇ ਕੁਮਾਰ, ਸ਼ੌਕਤ ਮਸੀਹ, ਗੁਰਜਿੰਦਰ ਸਿੰਘ, ਰਜਿੰਦਰ ਸਭਰਵਾਲ, ਸੁਮਨ ਰਾਣੀ, ਨਰਿੰਦਰ ਪਾਲ ਚਮਿਆਰੀ, ਭਗਵੰਤ ਸਿੰਘ ਝਬਾਲ, ਤਰਸੇਮ ਸਿੰਘ, ਕਿ੍ਰਪਾ ਰਾਮ, ਗੁਰਦੀਪ ਸਿੰਘ, ਛਿੰਦਾ ਪ੍ਰਧਾਨ, ਬਲਦੇਵ ਸਿੰਘ ਵੇਰਕਾ, ਮੋਹਨ ਲਾਲ, ਸ਼ਮਸ਼ੇਰ ਨਾਥ, ਨਿਰਮਲ ਸਿੰਘ, ਮੰਗਲ ਸਿੰਘ ਟਾਂਡਾ, ਅਮਰੀਕ ਸਿੰਘ ਦਾਊਦ, ਬਿੱਟੂ ਵੇਰਕਾ, ਕੁਲਵੰਤ ਸਿੰਘ ਘੁੱਕੇਵਾਲੀ, ਨਰਿੰਦਰ, ਨਿਰਮਲ ਛੱਜਲਵੱਡੀ, ਬਲਬੀਰ ਸਿੰਘ ਝਾਮਕਾ ਤੇ ਬਲਰਾਜ ਸਿੰਘ ਭੰਗੂ ਆਦਿ ਹਾਜ਼ਰ ਸਨ।
ਪਟਿਆਲਾ : ਇੱਥੇ ਦੇਸ਼ ਵਿਆਪੀ ਹੜਤਾਲ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ। ਪੀ ਆਰ ਟੀ ਸੀ ਦੀਆਂ ਬੱਸਾਂ ਮੁਕੰਮਲ ਤੌਰ ’ਤੇ ਬੰਦ ਕਰਕੇ ਕਰਮਚਾਰੀਆਂ ਨੇ ਹੜਤਾਲ ਕੀਤੀ। ਸਮੁੱਚੀਆਂ ਬੈਂਕਾਂ ਵਿੱਚ ਮੁਕੰਮਲ ਹੜਤਾਲ ਹੋਈ, ਪੋਸਟਲ ਇੰਪਲਾਈਜ਼, ਬਿਜਲੀ ਕਰਮਚਾਰੀ, ਇੰਸ਼ੋਰੈਂਸ, ਐੱਲ ਆਈ ਸੀ, ਆਂਗਣਵਾੜੀ ਅਤੇ ਆਸ਼ਾ ਵਰਕਰ ਆਦਿ ਅਦਾਰਿਆਂ ਦੇ ਕਰਮਚਾਰੀਆਂ ਨੇ ਪੂਰੇ ਦਿਨ ਦੀ ਹੜਤਾਲ ਕਰਕੇ ਰੇਲਵੇ ਸਟੇਸ਼ਨ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਕੀਤੀ। ਹੜਤਾਲੀ ਕਰਮਚਾਰੀ ਏਟਕ, ਇੰਟਕ, ਸੀਟੂ, ਸੀ ਟੀ ਯੂ ਪੰਜਾਬ, ਇਫਟੂ ਅਤੇ ਫੈਡਰੇਸ਼ਨਾਂ ਨਾਲ ਸੰਬੰਧਤ ਸਨ।ਇਸ ਤੋਂ ਇਲਾਵਾ ਬੈਂਕ, ਬੀਮਾ, ਐੱਲ ਆਈ ਸੀ ਅਤੇ ਕਈ ਸੇਵਾ-ਮੁਕਤ ਕਰਮਚਾਰੀ ਜਥੇਬੰਦੀਆਂ ਦੇ ਵਰਕਰ ਵੀ ਰੈਲੀ ਵਿੱਚ ਸ਼ਾਮਲ ਹੋਏ। ਰੈਲੀ ਦੀ ਅਗਵਾਈ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ, ਬਲਦੇਵ ਰਾਜ ਬੱਤਾ, ਉਤਮ ਸਿੰਘ ਬਾਗੜੀ, ਹਰੀ ਸਿੰਘ ਦੌਣ ਕਲਾਂ, ਤਰਸੇਮ ਸਿੰਘ, ਦਰਸ਼ਨ ਸਿੰਘ ਲੁਬਾਣਾ, ਐੱਸ ਕੇ ਗੌਤਮ, ਦਰਸ਼ਨ ਸਿੰਘ ਬੇਲੂਮਾਜਰਾ ਆਦਿ ਆਗੂ ਕਰ ਰਹੇ ਸਨ। ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਆਮ ਕਿਸਾਨ ਵੀ ਸ਼ਾਮਲ ਹੋਏ।
ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਮੋਦੀ ਸਰਕਾਰ ਦੀਆਂ ਸਨਅਤੀ ਅਤੇ ਗਰੀਬ ਮਜ਼ਦੂਰ ਵਿਰੋਧੀ ਆਰਥਕ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾ ਕੇ ਖਤਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਅਦਾਰਿਆਂ ਦੇ ਕੀਮਤੀ ਅਸਾਸੇ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ।ਰੈਲੀ ਨੂੰ ਜਿਹਨਾਂ ਵੱਖੋ-ਵੱਖ ਜਥੇਬੰਦੀਆਂ ਦੇ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਐੱਸ ਕੇ ਗੌਤਮ, ਬੈਂਕ ਯੂਨੀਅਨ ਆਗੂ ਦਰਸ਼ਨ ਸਿੰਘ ਲੁਬਾਣਾ, ਜੈ ਰਾਮ, ਰਾਮ ਸਿੰਘ, ਬਹਾਦਰ ਸਿੰਘ, ਰਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਸ਼ਾਦੀਪੁਰ, ਹਰੀ ਸਿੰਘ ਦੌਣ ਕਲਾਂ, ਦਰਸ਼ਨ ਸਿੰਘ ਬੇਲੂਮਾਜਰਾ, ਸੁਨੀਤਾ ਜ਼ੋਸ਼ੀ, ਹਰਸ਼ਰਨਜੀਤ ਕੌਰ, ਨਾਹਰ ਸਿੰਘ ਸੇਵਾਮੁਕਤ ਐੱਸ ਪੀ, ਮੋਹਨ ਸਿੰਘ ਤੇ ਉਤਮ ਸਿੰਘ ਬਾਗੜੀ ਆਦਿ ਸ਼ਾਮਲ ਸਨ।
ਮਾਨਸਾ (ਆਤਮਾ ਸਿੰਘ ਪਮਾਰ)-ਦੇਸ਼ ਵਿਆਪੀ ਹੜਤਾਲ ਦੌਰਾਨ ਸਥਾਨਕ ਰੇਲਵੇ ਗੁਦਾਮ ’ਤੇ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਉਪਰੰਤ ਮਾਨਸਾ ਸ਼ਹਿਰ ਦੇ ਬਜ਼ਾਰਾਂ ’ਚ ਜ਼ਬਰਦਸਤ ਮਾਰਚ ਵੀ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੱਡੀ ਤਦਾਦ ’ਚ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਸਲ ਮੈਂਬਰ ਹਰਦੇਵ ਸਿੰਘ ਅਰਸ਼ੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀ ਪੀ ਆਈ ਐੱਲ ਐੱਲ ਲਿਬਰੇਸ਼ਨ ਦੇ ਸੂਬਾਈ ਆਗੂ ਸੁਖਦਰਸ਼ਨ ਨੱਤ, ਰਾਜਵਿੰਦਰ ਸਿੰਘ ਰਾਣਾ , ਬੀ ਕੇ ਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬਾਘਾ , ਬੀ ਕੇ ਯੂ ਡਕੌਂਦਾ ਧਨੇਰ ਦੇ ਮੱਖਣ ਸਿੰਘ ਭੈਣੀ ਬਾਘਾ , ਸੀ ਪੀ ਆਈ ਦੇ �ਿਸ਼ਨ ਚੌਹਾਨ, ਏਟਕ ਦੇ ਕੁਲਵਿੰਦਰ ਸਿੰਘ ਉਡਤ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ, ਬੀ ਕੇ ਯੂ ਮਾਨਸਾ ਦੇ ਬੋਘ ਸਿੰਘ ਮਾਨਸਾ, ਬੀ ਕੇ ਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਬੀ ਕੇ ਯੂ ਕ੍ਰਾਂਤੀਕਾਰੀ ਦੇ ਹਰਚਰਨ ਸਿੰਘ ਤਾਮਕੋਟ, ਬੀ ਕੇ ਯੂ ਉਗਰਾਹਾਂ ਦੇ ਜਗਸੀਰ ਸਿੰਘ ਜਵਾਹਰਕੇ, ਬੀ ਕੇ ਯੂ ਕਾਦੀਆਂ ਦੇ ਪਰਮਜੀਤ ਗਾਗੋਵਾਲ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕੇਵਲ ਸਿੰਘ ਸਮਾਓ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨ, ਦੀ ਮਾਨਸਾ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਗਣਾਂ, ਪੇਂਟਰ ਯੂਨੀਅਨ ਦੇ ਜੀਤ ਰਾਮ, ਦੋਧੀ ਯੂਨੀਅਨ ਦੇ ਲਾਭ ਸਿੰਘ ਭੈਣੀ ਬਾਘਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜਸਵੀਰ ਕੌਰ ਨੱਤ, ਹੈਂਡੀਕੈਪਡ ਐਸੋਸੀਏਸ਼ਨ ਦੇ ਭੀਮ ਭੁਪਾਲ, ਮੁਲਾਜ਼ਮ ਆਗੂ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ, ਰਾਜ ਕੁਮਾਰ ਰੰਗਾ, ਕੁਲਦੀਪ ਸਿੰਘ, ਸੱਤਪਾਲ ਭੈਣੀ ਬਾਘਾ, ਸੱਤਪਾਲ ਰਿਸ਼ੀ, ਅਮਰੀਕ ਮਾਖਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਰਵਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲਾ ਕਾਰਜਕਾਲ ਦੌਰਾਨ ਆਮ ਜਨਤਾ ਦਾ ਜੀਵਨ ਜਿਊਣਾ ਦੁੱਭਰ ਹੋ ਗਿਆ ਹੈ ਅਤੇ ਲੋਕ ਹੇਠਲੇ ਪੱਧਰ ਦਾ ਜੀਵਨ ਬਸਰ ਕਰਨ ਲਈ ਮਜਬੂਰ ਹਨ। ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਲੋਕਾਂ ਨੂੰ ਭਵਿੱਖੀ ਚੁਣੌਤੀਆਂ ਤੋ ਅਗਾਊਂ ਸੁਚੇਤ /ਖ਼ਬਰਦਾਰ ਕਰਦਿਆਂ ਕਿਹਾ ਕਿ ਸਾਂਝੇ ਤੇ ਵਿਸ਼ਾਲ ਸੰਘਰਸ਼ਾਂ ਦੇ ਬਲਬੂਤੇ ਹੀ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਇਹੋ ਇੱਕੋ-ਇੱਕ ਰਸਤਾ ਹੈ, ਜਿਸ ’ਤੇ ਚਲਦਿਆਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ, ਛੋਟੇ ਵਪਾਰੀਆ ਅਤੇ ਵਿਦਿਆਰਥੀਆਂ ਦੇ ਸੰਵਿਧਾਨਕ ਅਤੇ ਜਮਹੂਰੀ ਹੱਕਾਂ/ ਹਿੱਤਾਂ ਦੀ ਰਖਵਾਲੀ ਕੀਤੀ ਜਾ ਸਕਦੀ ਹੈ।
ਜਲੰਧਰ (ਰਾਜੇਸ਼ ਥਾਪਾ) -ਪੰਜਾਬ ਬੈਂਕ ਕਰਮਚਾਰੀ ਫੈਡਰੇਸਨ ਐੱਲ ਆਈ ਸੀ ਅਤੇ ਜੀ ਆਈ ਸੀ ਕਰਮਚਾਰੀ ਯੂਨੀਅਨਾਂ ਦੇ ਝੰਡੇ ਹੇਠ ਪੰਜਾਬ ਐਂਡ ਸਿੰਧ ਬੈਂਕ ਮੋਤਾ ਸਿੰਘ ਨਗਰ ਜਲੰਧਰ ਦੇ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਠੇਕੇਦਾਰੀ ਪ੍ਰਥਾ, ਨਿੱਜੀਕਰਨ ਅਤੇ ਮਜ਼ਦੂਰ ਕਾਨੂੰਨਾਂ ਨੂੰ ਬਦਲਣ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਕਰਮਚਾਰੀਆਂ ਦੇ ਭਵਿੱਖ ਲਈ ਖਤਰਨਾਕ ਹੈ। ਉਨ੍ਹਾਂ ਸਰਕਾਰ ਤੋਂ ਸੰਵਿਧਾਨਕ ਅਧਿਕਾਰਾਂ ਦਾ ਆਦਰ ਕਰਨ ਅਤੇ ਯੂਨੀਅਨਾਂ ਨਾਲ ਲੰਬਿਤ ਮਸਲਿਆਂ ’ਤੇ ਤੁਰੰਤ ਗੰਭੀਰ ਚਰਚਾ ਕਰਨ ਦੀ ਮੰਗ ਕੀਤੀ। ਨਾਲ ਹੀ ਖਾਲੀ ਅਸਾਮੀਆਂ ਨੂੰ ਭਰ ਕੇ ਮੌਜੂਦਾ ਕਰਮਚਾਰੀਆਂ ’ਤੇ ਪੈ ਰਹੇ ਵਧੇਰੇ ਕੰਮ ਦੇ ਬੋਝ ਨੂੰ ਘਟਾਉਣ ਦੀ ਮੰਗ ਕੀਤੀ। ਸੀ ਪੀ ਆਈ ਦੇ ਸਾਬਕਾ ਜ਼ਿਲ੍ਹਾ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ, ਜਿਸ ਕਾਰਨ ਸਾਰੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਮਨਜੂਰੀ ਨਾਲ ਬਦਲੇ ਜਾ ਰਹੇ ਹਨ। ਮਜ਼ਦੂਰਾਂ ਤੋਂ ਮਜ਼ਦੂਰੀ, ਕਿਸਾਨਾਂ ਤੋਂ ਜ਼ਮੀਨਾਂ ਅਤੇ ਆਦਿਵਾਸੀਆਂ ਤੋਂ ਉਹਨਾਂ ਦੇ ਜੰਗਲ ਕਾਰਪੋਰੇਟ ਘਰਾਣਿਆਂ ਲਈ ਖੋਹੇ ਜਾ ਰਹੇ ਹਨ। ਇਸ ਮੌਕੇ ਐੱਸ ਪੀ ਐੱਸ ਵਿਰਕ, ਵਿਨੋਦ ਸ਼ਰਮਾ, ਰਾਜ ਕੁਮਾਰ ਭਗਤ, ਵੇਦ ਕੁਮਾਰ, ਪੰਕਜ ਭਾਰਦਵਾਜ, ਸੰਦੀਪ ਸਿੰਘ, ਅਨਿਲ ਚੋਪੜਾ, ਨਰੇਸ਼ ਕੁਮਾਰ, ਜਗਪ੍ਰੀਤ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ ਘੁੰਮਣ ਅਤੇ ਬਲਜੀਤ ਕੌਰ ਦੇ ਨਾਲ-ਨਾਲ ਕਈ ਸੀਨੀਅਰ ਨੇਤਾ ਅਤੇ ਕਾਰਕੁਨ ਮੌਜੂਦ ਰਹੇ।
ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ, ਐੱਲ ਆਈ ਸੀ ਅਤੇ ਜੀ ਆਈ ਸੀ ਯੂਨੀਅਨਾਂ ਨੇ ਸਾਫ ਕੀਤਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤੱਕ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)-ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਤੇ ਸੁਤੰਤਰ ਖੇਤਰੀ ਫੈਡਰੇਸ਼ਨਾਂ/ ਐਸੋਸੀਏਸ਼ਨਾਂ ਦੇ ਸੱਦੇ ’ਤੇ ਦੇਸ਼ ਵਿਆਪੀ ਆਮ ਹੜਤਾਲ ਵਿੱਚ ਲੁਧਿਆਣਾ ਦੇ ਕਾਮਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਏਟਕ, ਇੰਟਕ, ਸੀਟੂ ਅਤੇ ਸੀ ਟੀ ਯੂ ਪੰਜਾਬ ਦੇ ਨਾਲ ਸੰਬੰਧਤ ਯੂਨੀਅਨਾਂ ਦੇ ਕਾਮਿਆਂ ਨੇ ਆਪਣੇ-ਆਪਣੇ ਅਦਾਰਿਆਂ ’ਤੇ ਰੈਲੀਆਂ ਕਰਨ ਉਪਰੰਤ ਬੱਸ ਸਟੈਂਡ ਵਿਖੇ ਸਾਂਝੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਆਰਥਿਕ ਅਸਮਾਨਤਾ ਏਨੀ ਜ਼ਿਆਦਾ ਵਧ ਗਈ ਹੈ ਕਿ ਇੱਕ ਪਾਸੇ ਤਾਂ ਇੱਕ ਪ੍ਰਤੀਸ਼ਤ ਲੋਕਾਂ ਕੋਲ ਦੇਸ਼ ਦੀ 40% ਸੰਪਤੀ ਹੈ, ਦੂਜੇ ਪਾਸੇ 7 ਕਰੋੜ ਲੋਕ ਦੇਸ਼ ਵਿੱਚ ਐਸੇ ਹਨ, ਜੋ ਕਿ 62 ਰੁਪਏ ਤੋਂ ਵੀ ਘੱਟ ਰੋਜ਼ ਦੀ ਕਮਾਈ ਕਰਦੇ ਹਨ। 116 ਕਰੋੜ ਹਨ, ਜੋ ਕਿ ਕੇਵਲ 171 ਰੁਪਏ ਹਰ ਰੋਜ਼ ਕਮਾਉਦੇ ਹਨ। ਮੌਜੂਦਾ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਕਾਰਪੋਰੇਟ ਪੱਖੀ ਹਨ।ਕਾਮਿਆਂ, ਮੁਲਾਜ਼ਮਾਂ ਅਤੇ ਕਿਸਾਨਾਂ ਤੋਂ ਇਲਾਵਾ ਹੋਰ ਮਿਹਨਤਕਸ਼ ਲੋਕਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾ ਰਿਹਾ ਹੈ।
ਇਸ ਸਥਿਤੀ ਵਿੱਚ ਕਾਮਿਆਂ ਦਾ ਇਹ ਸੰਘਰਸ਼ ਆਉਣ ਵਾਲੇ ਸਮਿਆਂ ਵਿੱਚ ਇਕ ਵਿਸ਼ਾਲ ਅੰਦੋਲਨ ਦੀ ਤਿਆਰੀ ਵਜੋਂ ਹੋ ਰਿਹਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਨੇ ਵੀ ਐਕਸ਼ਨ ਨੂੰ ਪੂਰਾ ਸਮਰਥਨ ਦਿੱਤਾ ਹੈ ਤੇ ਅਨੇਕਾਂ ਥਾਵਾਂ ’ਤੇ ਪੇਂਡੂ ਬੰਦ ਕੀਤਾ ਹੈ। ਇਸ ਐਕਸ਼ਨ ਵਿੱਚ ਉਦਯੋਗਿਕ ਕਾਮਿਆਂ ਤੋਂ ਇਲਾਵਾ ਪੀ ਏ ਯੂ, ਰੋਡਵੇਜ਼, ਅਧਿਆਪਕ, ਆਂਗਣਵਾੜੀ, ਆਸ਼ਾ ਵਰਕਰ ਅਤੇ ਹੋਰ ਸਕੀਮ ਵਰਕਰ, ਬੀ ਐੱਸ ਐੱਨ ਐੱਲ, ਬੈਂਕ ਆਦਿ ਦੇ ਕਾਮਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਕੀਤਾ।
ਬੁਲਾਰਿਆਂ ਨੇ ਸਾਵਧਾਨ ਕੀਤਾ ਕਿ ਹਰ ਪੱਖੋਂ ਅਸਫਲ ਰਹਿਣ ਤੋਂ ਬਾਅਦ ਮੋਦੀ ਸਰਕਾਰ ਹੁਣ ਬੜੀ ਤੇਜ਼ੀ ਨਾਲ ਸਮਾਜ ਵਿੱਚ ਫਿਰਕੂ ਲੀਹਾਂ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਦੇਸ਼ ਤੇ ਸਮਾਜ ਤੇ ਖਾਸ ਤੌਰ ’ਤੇ ਕਾਮਿਆਂ ’ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ। ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਖੋਖਲੀ ਸਾਬਤ ਹੋਈ ਹੈ। ਇਹਨਾਂ ਹਾਲਤਾਂ ਵਿੱਚ ਕਾਮਿਆਂ ਸਾਹਮਣੇ ਦੋਹਰੀ ਲੜਾਈ ਹੈ, ਜਿਸ ਨੂੰ ਅਸੀਂ ਰਲਮਿਲ ਕੇ ਸਫਲਤਾਪੂਰਵਕ ਅੰਜਾਮ ਦਿਆਂਗੇ।
ਮੁੱਖ ਬੁਲਾਰੇ ਮੰਗਤ ਰਾਮ ਪਾਸਲਾ, ਗੁਲਜ਼ਾਰ ਗੋਰੀਆ, ਜਤਿੰਦਰ, ਡੀ ਪੀ ਮੌੜ, ਸੁਭਾਸ਼ ਰਾਣੀ, ਬਲਬੀਰ ਕੌਰ, ਚਮਕੌਰ ਸਿੰਘ, ਮਾਸਟਰ ਫਿਰੋਜ, ਹਰਨੇਕ ਸਿੰਘ ਗੁੱਜਰਵਾਲ, ਸਮਰ ਬਹਾਦਰ, ਬਲਰਾਮ ਸਿੰਘ, ਚਿਤਰੰਜਨ, ਬਲਬੀਰ ਸਿੰਘ ਅਤੇ ਸਰਬਜੀਤ ਕੌਰ ਸਨ। ਪ੍ਰਧਾਨਗੀ ਮੰਡਲ ਵਿੱਚ ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਗੁਰਜੀਤ ਸਿੰਘ ਜਗਪਾਲ, ਸਰਬਜੀਤ ਸਿੰਘ ਸਰਹਾਲੀ, ਪਰਮਜੀਤ ਸਿੰਘ ਅਤੇ ਜਗਦੀਸ਼ ਚੰਦ ਸਨ। ਸਟੇਜ ਸਕੱਤਰ ਦੀ ਭੂਮਿਕਾ ਐੱਮ ਐੱਸ ਭਾਟੀਆ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਨਿਭਾਈ। ਪ ਸ ਸ ਫ ਦਾ ਇੱਕ ਵੱਡਾ ਜੱਥਾ ਪਰਵੀਨ ਕੁਮਾਰ ਦੀ ਅਗਵਾਈ ਵਿੱਚ ਸ਼ਾਮਲ ਹੋਇਆ।ਇਸ ਰੈਲੀ ਵਿੱਚ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਏ। ਵੱਡੀ ਗਿਣਤੀ ਵਿੱਚ ਬੈਂਕ ਮੁਲਾਜ਼ਮ, ਪੀ ਏ ਯੂ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ ਅਤੇ ਇੰਡਸਟਰੀ ਮਜਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਰੈਲੀ ਦਾ ਸਾਰਾ ਪ੍ਰਬੰਧ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਆਗੂ ਰਣਧੀਰ ਸਿੰਘ ਧੀਰਾ, ਹਰਬੰਸ ਸਿੰਘ, ਰਵਿੰਦਰ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ।
ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ, ਆਲ ਇੰਡੀਆ ਬੈਂਕ ਦੇ ਅਧਿਕਾਰੀ ਐਸੋਸੀਏਸ਼ਨ ਅਤੇ ਬੈਂਕ ਕਰਮਚਾਰੀ ਫੈਡਰੇਸ਼ਨ ਆਫ ਇੰਡੀਆ ਦੀ ਸਾਂਝੀ ਕਾਲ ਦਾ ਹੁੰਗਾਰਾ ਭਰਦਿਆਂ ਪੰਜਾਬ ਬੈਂਕ ਕਰਮਚਾਰੀਆਂ ਦੀ ਫੈਡਰੇਸ਼ਨ (ਪੀ ਬੀ ਬੀ) ਲੁਧਿਆਣਾ ਦੁਆਰਾ ਕੈਨਾਰਾ ਬੈਂਕ ਭਾਰਤ ਨਗਰ ਚੌਕ ਲੁਧਿਆਣਾ ਦੇ ਸਾਹਮਣੇ ਰੈਲੀ ਕੀਤੀ ਗਈ।
ਇਸ ਰੈਲੀ ਵਿੱਚ ਪੀ ਆਰ ਮਹਿਤਾ ਜਨਰਲ ਸਕੱਤਰ ਪੰਜਾਬ ਬੈਂਕ ਕਰਮਚਾਰੀਆਂ ਦੀ ਫੈਡਰੇਸ਼ਨ, ਡੀ. ਪੀ ਮੌੜ ਜਨਰਲ ਸੱਕਤਰ ਸੰਯੁਕਤ ਵਪਾਰ ਯੂਨੀਅਨ ਕੌਂਸਲ ਲੁਧਿਆਣਾ, ਡਾ ਰਾਜਿੰਦਰ ਪਾਲ ਸਿੰਘ ਔਲਖ ਸੀਨੀਅਰ ਟਰੇਡ ਯੂਨੀਅਨ ਨੇਤਾ, ਨਰੇਸ਼ ਗੌੜ ਸੈਕਟਰੀ ਪੀ ਬੀ ਐੱਫ, ਪਵਨ ਠਾਕੁਰ ਪ੍ਰਧਾਨ ਪੰਜਾਬ ਬੈਂਕ ਦੇ ਕਰਮਚਾਰੀਆਂ ਦੀ ਫੈਡਰੇਸ਼ਨ ਪੀ ਬੀ ਬੀ, ਲੁਧਿਆਣਾ, ਰਾਜੇਸ਼ ਵਰਮਾ, ਜਰਨੈਲ ਸਿੰਘ, ਨਾਸਕੇਰ ਰਾਏ, ਪਰਵੀਨ ਅਗਰਵਾਲ, ਯੁਵਰਾਜ ਮਾਰੀਆ, ਗੁਰਮੀਤ ਸਿੰਘ ਆਲ ਇੰਡੀਆ ਬੈਂਕ ਦੇ ਅਧਿਕਾਰੀ ਐਸੋਸੀਏਸ਼ਨ ਅਤੇ ਪੰਜਾਬ ਬੈਂਕ ਕਰਮਚਾਰੀਆਂ ਦੇ ਹੋਰ ਚੋਟੀ ਦੇ ਨੇਤਾ ਸ਼ਾਮਲ ਹੋਏ ਅਤੇ ਮੀਟਿੰਗ ਨੂੰ ਸੰਬੋਧਨ ਕੀਤਾ।
ਪੀ ਆਰ ਮਹਿਤਾ ਨੇ ਕਿਹਾ, ‘ਅਸੀਂ ਚਿੰਤਤ ਹਾਂ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨਾਲ ਅਮੀਰ ਵਿਅਕਤੀ ਵਧ ਰਹੇ ਹਨ ਅਤੇ ਗਰੀਬ ਦੁਖੀ ਹਨ। ਕਾਰਪੋਰੇਟ ਨੂੰ ਵੱਧ ਤੋਂ ਵੱਧ ਰਿਆਇਤਾਂ ਮਿਲਦੀਆਂ ਹਨ ਅਤੇ ਵਧੇਰੇ ਟੈਕਸ ਦੇ ਬੋਝ ਨੂੰ ਆਮ ਲੋਕਾਂ ’ਤੇ ਮੜ੍ਹਿਆ ਹੈ। ਇਹ ਦੇਸ਼ ਦੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਭਾਰਤ ਜਿੱਥੇ ਵੱਡੀ ਗਿਣਤੀ ਵਿਚ ਆਬਾਦੀ ਜਵਾਨ ਹੈ, ਵਿਚ ਬੇਰੁਜ਼ਗਾਰੀ ਅਤੇ ਸਿੱਖਿਅਤ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ।
ਡੀ ਪੀ ਮੌੜ ਨੇ ਕਿਹਾ ਕਿ ਮਹਿੰਗਾਈ ਬੇਕਾਬੂ ਹੈ। ਰੋਜ਼ਾਨਾ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ, ਪਰ ਘੱਟੋ-ਘੱਟ ਉਜਰਤ ਦੀ ਗਰੰਟੀ ਵੀ ਨਹੀਂ। ਮੌਜੂਦਾ ਨੌਕਰੀਆਂ ਘੱਟ ਕੀਤੀਆਂ ਜਾ ਰਹੀਆਂ ਹਨ? ਡਾਕਟਰ ਔਲਖ ਨੇ ਜ਼ਿਕਰ ਕੀਤਾ ਕਿ ਕਿਸਾਨ ਪ੍ਰੇਸ਼ਾਨੀ ਵਿੱਚ ਹਨ, ਉਹ ਉਨ੍ਹਾਂ ਦੇ ਉਤਪਾਦਾਂ ਲਈ ਘੱਟੋ-ਘੱਟ ਸਹਾਇਤਾ ਮੁੱਲ ਚਾਹੁੰਦੇ ਹਨ। ਨਰੇਸ਼ ਗੌੜ ਨੇ ਕਿਹਾ ਕਿ ਜਨਤਕ ਖੇਤਰ ਦੇ ਨਿੱਜੀਕਰਨ ਕਰਨ ਲਈ ਸਰਕਾਰਾਂ ਉਤਾਵਲੀਆਂ ਹਨ।