ਸ੍ਰੀ ਹਰਿਮੰਦਰ ਸਾਹਿਬ ’ਚ ਬੰਬ ਰੱਖਣ ਦੀ ਪੰਜਵੀਂ ਧਮਕੀ

0
119

ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਹੈ ਕਿ ਬੁੱਧਵਾਰ ਇੱਕ ਹੋਰ ਈਮੇਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਆਈ ਹੈ ਅਤੇ ਹੁਣ ਤੱਕ ਅਜਿਹੀਆਂ ਪੰਜ ਈਮੇਲ ਆ ਚੁੱਕੀਆਂ ਹਨ। ਉਨ੍ਹਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ।
ਉਨ੍ਹਾ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਅੰਮਿ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵੀ ਨਾਲ ਐਡ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾ ਖਦਸ਼ਾ ਪ੍ਰਗਟਾਇਆ ਕਿ ਕੀ ਇਹ ਗੁਰੂ ਘਰ ਬਾਰੇ ਸੰਗਤ ਨੂੰ ਭੈਅਭੀਤ ਕਰਨ ਅਤੇ ਡਰਾਉਣ ਦੀ ਸਾਜ਼ਿਸ਼ ਹੈ, ਤਾਂ ਜੋ ਗੁਰੂ ਘਰ ਵਿਖੇ ਸੰਗਤ ਦੀ ਆਮਦ ਨੂੰ ਪ੍ਰਭਾਵਤ ਕੀਤਾ ਜਾ ਸਕੇ। ਇਸ ਵੇਲੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਪੁੱਜਦੀ ਹੈ।
ਉਨ੍ਹਾ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਵੀ ਈਮੇਲ ਦਾ ਸਰੋਤ ਪਤਾ ਕਰਨ ਲਈ ਯਤਨ ਕੀਤੇ ਗਏ ਹਨ, ਇਹ ਵੱਖ-ਵੱਖ ਜਾਲ੍ਹੀ ਆਈ ਪੀ ਐਡਰੈਸ ਤੋਂ ਭੇਜੀ ਜਾ ਰਹੀ ਹੈ। ਇੱਕ ਈਮੇਲ ਕੇਰਲਾ ਦੇ ਮੁੱਖ ਮੰਤਰੀ ਅਤੇ ਇੱਕ ਸਾਬਕਾ ਚੀਫ ਜਸਟਿਸ ਦੇ ਆਈ ਪੀ ਐਡਰੈਸ ਤੋਂ ਭੇਜੀ ਗਈ ਹੈ। ਉਨ੍ਹਾ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਸੁਰੱਖਿਆ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਚੌਕਸੀ ਵੀ ਵਰਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਸਮਾਨ ਦੀ ਜਾਂਚ ਕਰਨ ਵਾਲੇ ਸਕੈਨਰ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ। ਉਨ੍ਹਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੁੜ ਅਪੀਲ ਕੀਤੀ ਕਿ ਅਜਿਹੀਆਂ ਈਮੇਲਜ਼ ਭੇਜਣ ਵਾਲੇ ਦਾ ਜਲਦ ਪਤਾ ਲਗਾਇਆ ਜਾਵੇ।
ਉਧਰ, ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਬ ਹੋਣ ਬਾਰੇ ਧਮਕੀ ਈਮੇਲ ਭੇਜੇ ਜਾਣ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਇੱਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਵਾਸਤੇ ਆਏ ਸਨ। ਇਸ ਮੌਕੇ ਭਾਜਪਾ ਆਗੂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਕੀਤੇ ਗਏ ਚਿੰਤਾ ਦੇ ਪ੍ਰਗਟਾਵੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਵੀ ਭਰੋਸਾ ਦਿੱਤਾ।