ਮੁੰਬਈ : ਸਿਆਸਤ ਵਿੱਚ ਕੋਈ ਗੱਲ ਐਵੇਂ ਹੀ ਨਹੀਂ ਕਹੀ ਜਾਂਦੀ, ਚਾਹੇ ਉਹ ਹਲਕੇ-ਫੁਲਕੇ ਅੰਦਾਜ਼ ਵਿੱਚ ਹੀ ਕਿਉ ਨਾ ਕਹੀ ਜਾਵੇ, ਉਸ ਦੇ ਪਿੱਛੇ ਕੁਝ ਨਾ ਕੁਝ ਮਕਸਦ ਜ਼ਰੂਰ ਹੁੰਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਬੁੱਧਵਾਰ ਵਿਧਾਨ ਪ੍ਰੀਸ਼ਦ ’ਚ ਜਦੋਂ ਊਧਵ ਠਾਕਰੇ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਤਾਂ ਸਿਆਸੀ ਗਲਿਆਰਿਆਂ ’ਚ ਹਲਚਲ ਮਚ ਗਈ। ਇਕ ਦਿਨ ਬਾਅਦ ਵੀਰਵਾਰ ਊਧਵ ਤੇ ਉਨ੍ਹਾ ਦੇ ਬੇਟੇ ਆਦਿਤਿਆ ਠਾਕਰੇ ਦੀ ਫੜਨਵੀਸ ਨਾਲ ਮੁਲਾਕਾਤ ਨੇ ਕਿਆਸਅਰਾਈਆਂ ਨੂੰ ਤੇਜ਼ ਕਰ ਦਿੱਤਾ। ਹੁਣ ਦੋ ਸਵਾਲ ਉਠ ਰਹੇ ਹਨ ਕਿ ਜਦ ਭਾਜਪਾ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਨੂੰ ਅਸੈਂਬਲੀ ਵਿੱਚ ਤਕੜਾ ਬਹੁਮਤ ਹਾਸਲ ਹੈ ਤਾਂ ਊਧਵ ਠਾਕਰੇ ਨੂੰ ਨਾਲ ਲਿਆਉਣ ਦੀ ਲੋੜ ਕਿਉ ਪੈ ਰਹੀ ਹੈ? ਅਤੇ ਜੇ ਵਾਕਈ ਅਜਿਹਾ ਹੁੰਦਾ ਹੈ ਤਾਂ ਸ਼ਿਵ ਸੈਨਾ ਤੋੜ ਕੇ ਅਸਲੀ ਸ਼ਿਵ ਸੈਨਾ ’ਤੇ ਕੰਟਰੋਲ ਕਰਨ ਵਾਲੇ ਏਕਨਾਥ ਸ਼ਿੰਦੇ ਦਾ ਕੀ ਹੋਵੇਗਾ? ਮਹਾਯੁਤੀ ਸਰਕਾਰ ਕੋਲ 288 ਵਿੱਚੋਂ 230 ਸੀਟਾਂ ਹਨ।
ਇਨ੍ਹਾਂ ਵਿੱਚ ਭਾਜਪਾ ਦੇ 132, ਸ਼ਿੰਦੇ ਦੀ ਸ਼ਿਵ ਸੈਨਾ ਦੇ 57 ਤੇ ਅਜੀਤ ਪਵਾਰ ਦੀ ਐੱਨ ਸੀ ਪੀ ਦੇ 41 ਵਿਧਾਇਕ ਹਨ। ਫਿਰ ਵੀ ਜੇ ਫੜਨਵੀਸ ਊਧਵ ਠਾਕਰੇ ਨੂੰ ਸੱਦਾ ਦੇ ਰਹੇ ਹਨ ਤਾਂ ਇਸ ਦੇ ਪਿੱਛੇ ਦੋ ਕਾਰਨ ਹੋ ਸਕਦੇ ਹਨ, ਉਹ ਆਪੋਜ਼ੀਸ਼ਨ ਮਹਾਂਵਿਕਾਸ ਅਘਾੜੀ ਨੂੰ ਹੋਰ ਕਮਜ਼ੋਰ ਕਰਨਾ ਚਾਹੁੰਦੇ ਹਨ। ਦੂਜਾ ਇਹ ਕਿ ਭਾਜਪਾ ਮਹਾਯੁਤੀ ਵਿੱਚੋਂ ਆਪਣੇ ਕਿਸੇ ਮੌਜੂਦਾ ਸਾਥੀ ਨੂੰ ਬਦਲਣਾ ਚਾਹੁੰਦੀ ਹੈ। ਫੜਨਵੀਸ ਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਠੀਕ-ਠਾਕ ਬਣਦੀ ਹੈ। ਸ਼ਿੰਦੇ ਨਾਲ ਫੜਨਵੀਸ ਦੇ ਰਿਸ਼ਤੇ ਬਿਹਤਰ ਨਹੀਂ। ਉਹ ਕਈ ਗੱਲਾਂ ਨੂੰ ਲੈ ਕੇ ਨਾਰਾਜ਼ ਰਹਿੰਦੇ ਹਨ।



