ਭਾਰਤ ਤੇ ਪਾਕਿਸਤਾਨ ਨੂੰ ਲੜਨੋਂ ਮੈਂ ਹੀ ਹਟਾਇਆ ਸੀ : ਟਰੰਪ

0
85

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾ ਭਾਰਤ ਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਚੱਲੇ ਫੌਜੀ ਟਕਰਾਅ ਮਗਰੋਂ ‘ਹਾਲਾਤ ਨੂੰ ਸੰਭਾਲ ਲਿਆ ਸੀ’, ਜੋ ਇਕ ‘ਪ੍ਰਮਾਣੂ ਜੰਗ’ ਵਿੱਚ ਬਦਲ ਸਕਦਾ ਸੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸ਼ੁੱਕਰਵਾਰ ਇਹ ਦਾਅਵਾ ਵੀ ਕੀਤਾ ਕਿ ਇਸ ਟਕਰਾਅ ਦੌਰਾਨ ਪੰਜ ਜਾਂ ਛੇ ਜਹਾਜ਼ ਡੇਗ ਲਏ ਗਏ ਸਨ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਭਾਰਤ ਜਾਂ ਪਾਕਿਸਤਾਨ ’ਚੋਂ ਕਿਸ ਦੇ ਸਨ ਜਾਂ ਫਿਰ ਉਹ ਦੋਵਾਂ ਮੁਲਕਾਂ ਦੇ ਕੁੱਲ ਨੁਕਸਾਨ ਦੀ ਗੱਲ ਕਰ ਰਹੇ ਸਨ।
ਉਧਰ, ਭਾਰਤ ਇਹ ਦਾਅਵਾ ਕਰਦਾ ਆਇਆ ਹੈ ਕਿ ਦੋਵਾਂ ਮੁਲਕਾਂ (ਭਾਰਤ-ਪਾਕਿਸਤਾਨ) ਨੇ ਆਪਣੀ ਫੌਜੀ ਕਾਰਵਾਈ ਆਪਸੀ ਗੱਲਬਾਤ ਜ਼ਰੀਏ ਰੋਕੀ ਸੀ ਤੇ ਇਸ ਵਿੱਚ ਅਮਰੀਕਾ ਦੀ ਕੋਈ ਵਿਚੋਲਗੀ ਨਹੀਂ ਸੀ। ਟਰੰਪ ਨੇ ਇਹ ਬਿਆਨ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਤੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਦੀ ਮੌਜੂਦਗੀ ਵਿਚ ਦਿੱਤਾ। ਇਹ ਤਿੰਨੋਂ ਆਗੂ ਇਕ ਤਿੰਨ-ਧਿਰੀ ਸਮਝੌਤੇ ’ਤੇ ਦਸਤਖਤ ਲਈ ਰੱਖੇ ਸਮਾਗਮ ਵਿਚ ਸ਼ਾਮਲ ਹੋਏ, ਜਿੱਥੇ ਅਮਰੀਕਾ ਦੀ ਵਿਚੋਲਗੀ ਨਾਲ ਇੱਕ ਸ਼ਾਂਤੀ ਸਮਝੌਤੇ ’ਤੇ ਸਹੀ ਪਾਈ ਗਈ। ਟਰੰਪ ਨੇ ਕਿਹਾ, ‘ਰਾਸ਼ਟਰਪਤੀ ਵਜੋਂ ਮੇਰੀ ਸਭ ਤੋਂ ਵੱਡੀ ਇੱਛਾ ਵਿਸ਼ਵ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣਾ ਹੈ। ਅੱਜ ਦਾ ਇਹ ਸਮਝੌਤਾ ਭਾਰਤ ਤੇ ਪਾਕਿਸਤਾਨ ਨਾਲ ਸਾਡੀ ਸਫਲਤਾ ਤੋਂ ਬਾਅਦ ਹੋਇਆ ਹੈ।’ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਉਹ ਇਕ-ਦੂਜੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੇ ਸਨ, ਹਾਲਾਤ ਕਾਫੀ ਗੰਭੀਰ ਹੋ ਗਏ ਸਨ, ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਇਕ ਵੱਡਾ ਟਕਰਾਅ ਸ਼ਾਇਦ ਪ੍ਰਮਾਣੂ ਜੰਗ ਹੋ ਸਕਦੀ ਸੀ, ਪਰ ਠੀਕ ਪਹਿਲਾਂ ਦੋਵੇਂ ਮਹਾਨ ਆਗੂ ਇਕੱਠੇ ਆਏ ਤੇ ਹਾਲਾਤ ਨੂੰ ਸੰਭਾਲਿਆ।’
ਟਰੰਪ ਨੇ ਕਿਹਾ ਕਿ ਉਹ ਵਪਾਰ ਜ਼ਰੀਏ ਟਕਰਾਅ ਨੂੰ ਹੱਲ ਕਰ ਰਹੇ ਹਨ। ਉਨ੍ਹਾ ਕਿਹਾ, ‘ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਮਾਮਲਾ ਸੁਲਝਾਇਆ। ਮੈਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਵਪਾਰ ਸੀ, ਹੋਰ ਕੋਈ ਵਜ੍ਹਾ ਨਹੀਂ।’ ਅਮਰੀਕੀ ਰਾਸ਼ਟਰਪਤੀ ਨੇ ਇਸ ਪ੍ਰੋਗਰਾਮ ਦੌਰਾਨ ਆਪਣੇ ਬਿਆਨ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਦਾ ਦੋ ਵਾਰ ਜ਼ਿਕਰ ਕੀਤਾ। ਅਜ਼ਰਬਾਇਜਾਨ ਤੇ ਆਰਮੀਨੀਆ 37 ਸਾਲ ਤੋਂ ਲੜ ਰਹੇ ਸਨ। ਦੋਨੋਂ ਦੇਸ਼ ਝਗੜੇ ਵਾਲੇ ਇਲਾਕੇ ਵਿੱਚ ਲਾਂਘਾ ਬਣਾਉਣ ’ਤੇ ਸਹਿਮਤ ਹੋਏ ਹਨ, ਜਿਸ ਦਾ ਨਾਂਅ ‘ਟਰੰਪ ਰੂਟ ਫਾਰ ਇੰਟਰਨੈਸ਼ਨਲ ਪੀਸ ਐਂਡ ਪ੍ਰਾਸਪੈਰਿਟੀ’ ਰੱਖਿਆ ਜਾਵੇਗਾ। ਇਹ ਲਾਂਘਾ ਅਜ਼ਰਬਾਇਜਾਨ ਨੂੰ ਨਖਚੀਵਾਨ ਇਨਕਲੇਵ ਨਾਲ ਜੋੜੇਗਾ, ਜਿਹੜਾ ਆਰਮੀਨੀਆ ਵਿੱਚੋਂ ਹੋ ਕੇ ਲੰਘੇਗਾ। ਦੋਹਾਂ ਦੇਸ਼ਾਂ ਦੇ ਆਗੂਆਂ ਨੇ ਕਿਹਾ ਕਿ ਟਰੰਪ ਨੂੰ ਨੋਬੇਲ ਅਮਨ ਇਨਾਮ ਮਿਲਣਾ ਚਾਹੀਦਾ ਹੈ। ਟਰੰਪ ਨੇ ਹੁਣ ਤੱਕ ਛੇ ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਭਾਰਤ-ਪਾਕਿਸਤਾਨ, ਇਜ਼ਰਾਈਲ-ਈਰਾਨ, ਥਾਈਲੈਂਡ-ਕੰਬੋਡੀਆ, ਰਵਾਂਡਾ-ਕਾਂਗੋ, ਸਰਬੀਆ-ਕੋਸਾਵੋ ਤੇ ਮਿਸਰ-ਇਥੋਪੀਆ ਜੰਗ ਸ਼ਾਮਲ ਹਨ।