ਮਾਨਸਾ (ਆਤਮਾ ਸਿੰਘ ਪਮਾਰ)
ਲੋਕ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਵੱਲੋਂ ਵੋਟ ਚੋਰੀ ਮਾਮਲੇ ਵਿੱਚ ਕੀਤੇ ਖੁਲਾਸਿਆਂ ਤੋਂ ਬਾਅਦ ਵੀ ਚੋਣ ਕਮਿਸ਼ਨ ਦੇ ਨਾਂਹ-ਪੱਖੀ ਰਵੱਈਏ ਤੋਂ ਸਾਬਤ ਹੋ ਚੁੱਕਾ ਹੈ ਕਿ ਉਸ ਨੂੰ ਕਿਸ ਕਦਰ ਮੋਦੀ ਸਰਕਾਰ ਨੇ ਹਾਈਜੈੱਕ ਕਰ ਲਿਆ ਹੈ ਤੇ ਮੋਦੀ ਵੋਟ ਚੋਰੀ ਕਰਕੇ ਤੀਜੀ ਵਾਰ ਸੱਤਾ ਵਿੱਚ ਆਏ ਹਨ। ਲੱਖਾਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਸੁਤੰਤਰਤਾ, ਡੈਮੋਕ੍ਰੇਟਿਕ ਸਿਸਟਮ ਨੂੰ ਫਿਰਕੂ, ਫਾਸ਼ੀਵਾਦੀ ਤੇ ਅੰਗਰੇਜ਼ਪ੍ਰਸਤ ਤਾਕਤਾਂ ਤੋਂ ਵੱਡਾ ਖਤਰਾ ਖੜ੍ਹਾ ਹੋ ਚੁੱਕਾ ਹੈ। ਇਨ੍ਹਾਂ ਵਿਚਾਂਰਾਂ ਦਾ ਪ੍ਰਗਟਾਵਾ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਦੀ ਵਧਾਈ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕੀਤਾ। ਅਰਸ਼ੀ ਨੇ ਸੀ ਪੀ ਆਈ ਦੀ ਜ਼ਿਲ੍ਹਾ ਇਕਾਈ ਦੀ ਲੀਡਰਸ਼ਿਪ, ਪਾਰਟੀ ਹਮਦਰਦਾਂ ਤੇ ਸਮੂਹ ਅਗਾਂਹਵਧੂ ਲੋਕਾਂ ਨੂੰ ਪਾਰਟੀ ਦੀ 25ਵੀਂ ਕਾਂਗਰਸ ਲਈ ਲੱਗੇ ਕੋਟੇ ਨੂੰ ਪੂਰਾ ਕਰਨ ’ਤੇ ਇਨਕਲਾਬੀ ਮੁਬਾਰਕਾਂ ਦਿੱਤੀਆਂ ਤੇ ਕਾਂਗਰਸ ਦੀ ਸ਼ੁਰੂਆਤ ਮੌਕੇ 21 ਸਤੰਬਰ ਦੀ ਰੈਲੀ ਵਿੱਚ ਵੀ ਜ਼ਿਲ੍ਹੇ ਵਿੱਚੋਂ ਕੋਟੇ ਤੋਂ ਵੱਧ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਦਿੱਤੀ।
ਉਹਨਾ ਕਿਹਾ ਕਿ ਇਹ ਚੌਥੀ ਵਾਰ ਕਿ ਪੰਜਾਬ ਦੇ ਕਾਮਰੇਡਾਂ ਨੂੰ ਪਾਰਟੀ ਮਹਾਂ-ਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। 25ਵੀਂ ਪਾਰਟੀ ਕਾਂਗਰਸ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਪਾਰਟੀ ਮਹਾਂ-ਸੰਮੇਲਨ ਮੌਕੇ 21 ਸਤੰਬਰ ਦੀ ਰੈਲੀ ਵਿੱਚ ਜ਼ਿਲ੍ਹੇ ਵਿੱਚੋਂ 1000 ਸਾਥੀ ਸ਼ਮੂਲੀਅਤ ਕਰਨਗੇ। ਸ਼ਹੀਦ ਊਧਮ ਸਿੰਘ ਦੀ ਸਮਾਧ ਤੋਂ ਚੱਲੇ ਜਥੇ ਦਾ 21 ਅਗਸਤ ਨੂੰ ਜ਼ਿਲ੍ਹੇ ’ਚ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਜਗਸੀਰ ਰਾਏਕੇ, ਮਲਕੀਤ ਮੰਦਰਾ, ਰੂਪ ਢਿੱਲੋਂ, ਕੇਵਲ ਸਮਾਓ, ਰਤਨ ਭੋਲਾ, ਬੂਟਾ ਸਿੰਘ ਬਰਨਾਲਾ, ਰਾਜ ਕੁਮਾਰ ਸ਼ਰਮਾ, ਦਰਸ਼ਨ ਮਾਨਸ਼ਾਹੀਆ, ਹਰਮੀਤ ਬੋੜਾਵਾਲ, ਸੁਖਦੇਵ ਪੰਧੇਰ, ਗੁਰਦਿਆਲ ਦਲੇਲ ਸਿੰਘ ਵਾਲਾ, ਸਾਧੂ ਸਿੰਘ ਰਾਮਾਨੰਦੀ, ਗੁਰਪਿਆਰ ਫੱਤਾ, ਪੂਰਨ ਸਿੰਘ ਸਰਦੂਲਗੜ੍ਹ, ਹਰਕੇਸ਼ ਮੰਡੇਰ, ਬੰਬੂ ਸਿੰਘ, ਕਰਨੈਲ ਦਾਤੇਵਾਸ, ਗੋਰਾ ਟਾਹਲੀਆਂ, ਜਗਤਾਰ ਕਾਲਾ ਆਦਿ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿੱਚ ਸੁਖਰਾਜ ਜੋਗਾ ਨੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ।





