ਟਰੰਪ ਨੇ ਪੁਤਿਨ ਨੂੰ ਮਿਲਣ ਤੋਂ ਬਾਅਦ ਜ਼ੇਲੈਂਸਕੀ ਨੂੰ ਭਲਕੇ ਸੱਦ ਲਿਆ

0
105

ਵਾਸ਼ਿੰਗਟਨ : ਯੂਕਰੇਨ ਅਤੇ ਰੂਸ ਵਿਚਾਲੇ ਜਾਰੀ ਜੰਗ ਨੂੰ ਰੁਕਵਾਉਣ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਅਲਾਸਕਾ ’ਚ ਹੋਈ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾ ਅਗਲੀ ਕਾਰਵਾਈ ਵਜੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਗੱਲਬਾਤ ਲਈ ਸੋਮਵਾਰ ਇੱਥੇ ਸੱਦਿਆ ਹੈ। ਉਨ੍ਹਾ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ ਜੰਗਬੰਦੀ ਨਹੀਂ ਸਗੋਂ ਅਮਨ ਸਮਝੌਤਾ ਹੀ ਹੋਵੇ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਕਿ ਅਲਾਸਕਾ ਗੱਲਬਾਤ ਤੋਂ ਬਾਅਦ ਉਨ੍ਹਾ ਦੀ ਟਰੰਪ ਨਾਲ ਲੰਬੀ ਤੇ ਠੋਸ ਗੱਲਬਾਤ ਹੋਈ ਹੈ ਤੇ ਉਹ ਉਨ੍ਹਾ ਨੂੰ ਵਾਸ਼ਿੰਗਟਨ ਸੱਦਣ ਲਈ ਧੰਨਵਾਦੀ ਹਨ। ਜ਼ੇਲੈਂਸਕੀ ਤੋਂ ਇਲਾਵਾ ਟਰੰਪ ਨੇ ਯੂਰਪੀ ਆਗੂਆਂ ਨੂੰ ਵੀ ਪੁਤਿਨ ਨਾਲ ਹੋਈ ਗੱਲਬਾਤ ਬਾਰੇ ਦੱਸਿਆ। ਯੂਰਪੀਨ ਆਗੂ ਯੂਕਰੇਨ ਦੀ ਸੁਰੱਖਿਆ ਲਈ ਨਾਟੋ ਦੀ ਧਾਰਾ 5 ਵਰਗੀਆਂ ਗਰੰਟੀਆਂ ਚਾਹੁੰਦੇ ਹਨ। ਯੂਰਪੀ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਟਰੰਪ-ਪੁਤਿਨ ਅਗਲੀ ਗੱਲਬਾਤ ਵਿੱਚ ਜ਼ੇਲੈਂਸਕੀ ਵੀ ਸ਼ਾਮਲ ਹੋਣ। ਟਰੰਪ ਤੇ ਪੁਤਿਨ ਦਰਮਿਆਨ ਹੋਈ ਗੱਲਬਾਤ ’ਚ ਕੁੱਝ ਅਹਿਮ ਮੁੱਦਿਆਂ ’ਤੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਦੋਵਾਂ ਨੇਤਾਵਾਂ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ।
ਮੀਟਿੰਗ ਮਗਰੋਂ ਪੁੁਤਿਨ ਨੇ ਦਾਅਵਾ ਕੀਤਾ ਕਿ ਯੂਕਰੇਨ ਬਾਰੇ ‘ਸਹਿਮਤੀ’ ਬਣੀ ਹੈ। ਉਨ੍ਹਾ ਨਾਲ ਹੀ ਯੂਰਪ ਨੂੰ ਚਿਤਾਵਨੀ ਦਿੱਤੀ ਕਿ ਉਹ ਪ੍ਰਗਤੀ ’ਚ ਕੋਈ ਰੁਕਾਵਟ ਨਾ ਪਾਵੇ। ਪੁਤਿਨ ਦੇ ਦਾਅਵੇ ਮਗਰੋਂ ਟਰੰਪ ਨੇ ਕਿਹਾ, ‘‘ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤੱਕ ਕੁੱਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ।’’
ਰੂਸ ਅਤੇ ਯੂਕਰੇਨ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ। ਟਰੰਪ ਵਾਰ-ਵਾਰ ਯੂਕਰੇਨ ਨੂੰ ਅਮਰੀਕਾ ਦੇ ਸਮਰਥਨ ’ਤੇ ਆਪਣਾ ਇਤਰਾਜ਼ ਜਤਾ ਚੁੱਕੇ ਹਨ ਅਤੇ ਪੁਤਿਨ ਦੀ ਪ੍ਰਸੰਸਾ ਕੀਤੀ ਹੈ। ਟਰੰਪ ਨੇ ਐਲਮੇਨਡੋਰਫ-ਰਿਚਰਡਸਨ ਦੇ ਜੁਆਇੰਟ ਬੇਸ ’ਤੇ ਪੁਤਿਨ ਦਾ ਨਿੱਘਾ ਸਵਾਗਤ ਵੀ ਕੀਤਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੀਟਿੰਗ ਦੇ ਟਰੰਪ ਅਨੁਸਾਰ ਸਾਰਥਕ ਸਿੱਟੇ ਨਹੀਂ ਨਿਕਲੇ ਅਤੇ ਦੋਵਾਂ ਨੇਤਾਵਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਸ ਸੰਬੰਧੀ ਜਿੱਥੇ ਟਰੰਪ ਆਪਣੇ ਸਮਝੌਤਾ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਉੱਥੇ ਪੁਤਿਨ ਇੱਕ ਅਜਿਹੇ ਸਮਝੌਤੇ ’ਤੇ ਗੱਲਬਾਤ ਕਰਨਾ ਚਾਹੁੰਦੇ ਸਨ, ਜੋ ਰੂਸ ਦੇ ਪੱਖ ’ਚ ਹੋਵੇ, ਯੂਕਰੇਨ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨੂੰ ਰੋਕੇ ਅਤੇ ਅੰਤ ਵਿੱਚ ਯੂਕਰੇਨ ਨੂੰ ਮਾਸਕੋ ਦੇ ਪ੍ਰਭਾਵ ਦੇ ਖੇਤਰ ’ਚ ਵਾਪਸ ਲਿਆਵੇ।
ਮੀਟਿੰਗ ਮਗਰੋਂ ਟਰੰਪ ਨੇ ਕਿਹਾ, ‘‘ਸਾਡੀ ਮੀਟਿੰਗ ਬੇਹੱਦ ਸਫਲ ਰਹੀ, ਕਈ ਮੁੱਦਿਆਂ ’ਤੇ ਸਹਿਮਤੀ ਬਣੀ ਹੈ, ਕੁੱਝ ਬਾਕੀ ਹਨ। ਕੁੱਝ ਓਨੇ ਮਹੱਤਵਪੂਰਨ ਨਹੀਂ ਹਨ। ਇੱਕ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਸੀਂ ਉਸ ਨੂੰ ਵੀ ਸੁਲਝਾ ਲਵਾਂਗੇ।’’
ਦੂਜੇ ਪਾਸੇ ਪੁੁਤਿਨ ਨੇ ਕਿਹਾ ਕਿ ਟਰੰਪ ਇਸ ਗੱਲ ਨੂੰ ਸਮਝਦੇ ਹਨ ਕਿ ਰੂਸ ਦੇ ਆਪਣੇ ਹਿੱਤ ਹਨ। ਉਨ੍ਹਾ ਕਿਹਾ ਕਿ ਰੂਸ ਅਤੇ ਅਮਰੀਕਾ ਨੂੰ ‘ਪੁਰਾਣਾ ਅਧਿਆਏ ਬੰਦ ਕਰਨਾ ਚਾਹੀਦਾ ਹੈ ਅਤੇ ਸਹਿਯੋਗ ਦੇ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ।’
ਪੁਤਿਨ ਨੇ ਟਰੰਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ‘ਇਸ ਬਾਰੇ ਸਪੱਸ਼ਟ ਹਨ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਆਪਣੇ ਦੇਸ਼ ਦੀ ਖੁਸ਼ਹਾਲੀ ਦੀ ਪਰਵਾਹ ਕਰਦੇ ਹਨ, ਨਾਲ ਹੀ ਇਹ ਵੀ ਸਮਝਦੇ ਹਨ ਕਿ ਰੂਸ ਦੇ ਆਪਣੇ ਕੌਮੀ ਹਿੱਤ ਹਨ।’ ਉਨ੍ਹਾ ਕਿਹਾ, ‘‘ਮੈਨੂੰ ਉਮੀਦ ਹੈ ਕਿ ਅੱਜ ਦੇ ਸਮਝੌਤੇ ਨਾ ਸਿਰਫ ਯੂਕਰੇਨੀ ਸਮੱਸਿਆ ਦੇ ਹੱਲ ਲਈ ਇੱਕ ਸੰਦਰਭ ਬਿੰਦੂ ਬਣ ਜਾਣਗੇ, ਸਗੋਂ ਰੂਸ ਅਤੇ ਅਮਰੀਕਾ ਵਿਚਕਾਰ ਵਪਾਰਕ, ਵਿਹਾਰਕ ਸੰਬੰਧਾਂ ਦੀ ਬਹਾਲੀ ਦੀ ਸ਼ੁਰੂਆਤ ਵੀ ਕਰਨਗੇ।’’
ਲੱਗਭੱਗ ਢਾਈ ਤੋਂ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕੋਈ ਠੋਸ ਫੈਸਲੇ ਤੱਕ ਨਾ ਪਹੁੰਚਣ ਦੇ ਬਾਵਜੂਦ ਟਰੰਪ ਨੇ ਪੁਤਿਨ ਦਾ ਧੰਨਵਾਦ ਕਰਦਿਆਂ ਕਿਹਾ, ‘‘ਅਸੀਂ ਤੁਹਾਡੇ ਨਾਲ ਬਹੁਤ ਜਲਦੀ ਗੱਲ ਕਰਾਂਗੇ ਅਤੇ ਸ਼ਾਇਦ ਤੁਹਾਨੂੰ ਬਹੁਤ ਜਲਦੀ ਦੁਬਾਰਾ ਮਿਲਾਂਗੇ।’’ ਜਦੋਂ ਪੁਤਿਨ ਨੇ ਮੁਸਕਰਾਉਂਦਿਆਂ ਕਿਹਾ, ‘‘ਅਗਲੀ ਵਾਰ ਮਾਸਕੋ ਵਿੱਚ’’, ਟਰੰਪ ਨੇ ਕਿਹਾ, ‘‘ਇਹ ਦਿਲਚਸਪ ਹੈ।’’