ਸਾਜ਼ਿਸ਼ਾਂ ਖਿਲਾਫ ਵੋਟ ਅਧਿਕਾਰ ਯਾਤਰਾ ਆਰੰਭ

0
121

ਸਾਸਾਰਾਮ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਸਾਸਾਰਾਮ ਤੋਂ ‘ਵੋਟ ਅਧਿਕਾਰ ਯਾਤਰਾ’ ਦਾ ਰਸਮੀ ਆਗਾਜ਼ ਕਰ ਦਿੱਤਾ। ਇਸ ਯਾਤਰਾ ਦਾ ਮੁੱਖ ਮੰਤਵ ਬਿਹਾਰ ਦੇ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ’ਤੇ ਹੋ ਰਹੇ ਹਮਲੇ ਨੂੰ ਉਜਾਗਰ ਕਰਨਾ ਹੈ। ਇਸ ਮੌਕੇ ਸਟੇਜ ’ਤੇ ਰਾਹੁਲ ਤੇ ਖੜਗੇ ਤੋਂ ਇਲਾਵਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ ਸੀ ਵੇਣੂਗੋਪਾਲ, ਆਰ ਜੇ ਡੀ ਆਗੂ ਤੇਜਸਵੀ ਯਾਦਵ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਆਦਿ ਮੌਜੂਦ ਸਨ। ਤੇਜਸਵੀ ਤੇ ਲਾਲੂ ਨੇ ਇਸ ਤੋਂ ਪਹਿਲਾਂ ਰੋਹਤਾਸ ਵਿੱਚ ‘ਵੋਟ ਅਧਿਕਾਰ ਯਾਤਰਾ’ ਨੂੰ ਲੈ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਰਾਹੁਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਵੋਟ ਚੋਰੀ ਦੀ ਗੱਲ ਕੀਤੀ ਤਾਂ ਚੋਣ ਕਮਿਸ਼ਨ ਨੇ ਉਨ੍ਹਾ ਨੂੰ ਹਲਫੀਆ ਬਿਆਨ ਦੇਣ ਲਈ ਕਿਹਾ ਪਰ ਭਾਜਪਾ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਅਜਿਹੇ ਦਾਅਵੇ ਕੀਤੇ ਤਾਂ ਉਨ੍ਹਾਂ ਤੋਂ ਕੁਝ ਨਹੀਂ ਮੰਗਿਆ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਸੰਵਿਧਾਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਫਲ ਨਹੀਂ ਹੋਣ ਦੇਣਗੇ। ਇਹ ਸੰਵਿਧਾਨ ਬਚਾਓ ਦੀ ਲੜਾਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ ਅਤੇ ਸਰਕਾਰ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਕੇ ਰਹਿਣਗੇ। ਉਨ੍ਹਾ ਸਹੁੰ ਖਾਧੀ ਕਿ ਮਹਾਰਾਸ਼ਟਰ ਹੋਵੇ ਜਾਂ ਬਿਹਾਰ ਉਹ ਭਵਿੱਖ ਵਿੱਚ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ।
ਰਾਹੁਲ ਗਾਂਧੀ ਨੇ ਕਿਹਾ, “ਪੂਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ। ਪਹਿਲਾਂ ਦੇਸ਼ ਨੂੰ ਨਹੀਂ ਪਤਾ ਸੀ ਕਿ ਵੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ। ਪਰ ਅਸੀਂ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਕਰ ਦਿੱਤਾ ਕਿ ਵੋਟਾਂ ਕਿਵੇਂ ਚੋਰੀ ਕੀਤੀਆਂ ਜਾ ਰਹੀਆਂ ਹਨ। ਵੋਟ ਚੋਰੀ ਬਿਹਾਰ, ਮਹਾਰਾਸ਼ਟਰ, ਅਸਾਮ, ਬੰਗਾਲ ਜਾਂ ਫਿਰ ਕਿਤੇ ਵੀ ਹੋਵੇ ਅਸੀਂ ਚੋਰੀ ਨੂੰ ਫੜਾਂਗੇ ਅਤੇ ਲੋਕਾਂ ਸਾਹਮਣੇ ਸੱਚ ਲਿਆਵਾਂਗੇ।’’
ਉਨ੍ਹਾ ਅੱਗੇ ਕਿਹਾ ,“ਮੈਂ ਤੁਹਾਨੂੰ ਇਸ ਸਟੇਜ ਤੋਂ ਦੱਸ ਰਿਹਾ ਹਾਂ ਕਿ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਕਰਵਾਉਣ ਅਤੇ ਨਵੀਆਂ ਵੋਟਾਂ ਕੱਟ ਕੇ ਅਤੇ ਜਾਅਲੀ ਵੋਟਾਂ ਜੋੜ ਕੇ ਬਿਹਾਰ ਚੋਣਾਂ ’ਚ ਵੀ ਚੋਰੀ ਕਰਨ ਦੀ ਹੈ। ਅਸੀਂ ਸਾਰੇ ਇਸ ਸਟੇਜ ਤੋਂ ਤੁਹਾਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਇਹ ਚੋਣ ਚੋਰੀ ਨਹੀਂ ਕਰਨ ਦੇਵਾਂਗੇ।’’
ਉਨ੍ਹਾ ਕਿਹਾ,“ ਬਿਹਾਰ ਦੇ ਲੋਕ ਇਸ ਚੋਰੀ ਨੂੰ ਨਹੀਂ ਹੋਣ ਦੇਣਗੇ। ਕਿਉਂ? ਕਿਉਂਕਿ ਗਰੀਬਾਂ ਕੋਲ ਸਿਰਫ ਵੋਟ ਹੈ ਅਤੇ ਅਸੀਂ ਵੋਟ ਚੋਰੀ ਨਹੀਂ ਹੋਣ ਦੇਵਾਂਗੇ।’’
ਖੜਗੇ ਨੇ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਗਰੀਬ ਲੋਕਾਂ, ਮਹਿਲਾਵਾਂ ਤੇ ਨੌਜਵਾਨਾਂ ਲਈ ਖਤਰਨਾਕ ਹਨ। ਗਵਰਨਰ ਸਰਕਾਰ ਦੇ ਚਮਚੇ ਬਣ ਗਏ ਹਨ। ਚੋਣ ਕਮਿਸ਼ਨ ਮੋਦੀ ਸਰਕਾਰ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।
ਤੇਜਸਵੀ ਯਾਦਵ ਨੇ ਕਿਹਾ, ‘‘ਨਰਿੰਦਰ ਮੋਦੀ ਬਿਹਾਰ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ’ਤੇ ਤੁਲੇ ਹੋਏ ਹਨ। ਮੋਦੀ ਅਨਪੜ੍ਹਾਂ ਲਈ ਤਾੜੀਆਂ ਮਾਰਦੇ ਹਨ ਅਤੇ ਰਾਜਨੀਤੀ ਕਰਦੇ ਹਨ। ਪਰ ਅਸੀਂ ਹਰ ਕਿਸੇ ਦੇ ਹੱਥ ਵਿੱਚ ਕੰਮ ਦੇਣ ਦੀ ਰਾਜਨੀਤੀ ਕਰਦੇ ਹਾਂ। ਅੱਜ ਇਸੇ ਲਈ ਅਸੀਂ ਇੱਥੇ ਹਾਂ। ਚੋਣ ਕਮਿਸ਼ਨ ਤੇ ਮੋਦੀ ਬਿਹਾਰੀਓਂ ਕੋ ਚੂਨਾ ਲਗਾਨਾ ਚਾਹਤੇ ਹੈਂ (ਬਿਹਾਰ ਦੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ)। ਬਿਹਾਰੀਆਂ ਨੂੰ ਕਮਜ਼ੋਰ ਨਾ ਸਮਝੋ।ਬਿਹਾਰੀ ਚੂਨਾ ਖੈਨੀ ਮੇਂ ਲਗਾ ਕਰ ਚਬਾਤੇ ਹੈਂ।’’
ਲਾਲੂ ਯਾਦਵ ਨੇ ਬਿਹਾਰ ਨੂੰ ਬਚਾਉਣ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਚੋਰਾਂ ਤੇ ਭਾਜਪਾ ਨੂੰ ਪਰ੍ਹੇ ਵਗਾਹ ਮਾਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਤੇਜਸਵੀ ਨੇ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਲੋਕਤੰਤਰ ਵਿੱਚ ਇਸ ਤੋਂ ਵੱਡੀ ਵਿਡੰਬਨਾ ਕੀ ਹੋ ਸਕਦੀ ਹੈ ਕਿ ਲੋਕਾਂ ਨੂੰ ਵੋਟ ਪਾਉਣ ਅਤੇ ਆਪਣੀ ਸਰਕਾਰ ਚੁਣਨ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਜਾਵੇ? ਅਸੀਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਵੋਟ ਪਾਉਣ ਦੇ ਅਧਿਕਾਰ ਲਈ ਪੂਰੀ ਦਿ੍ਰੜ੍ਹਤਾ ਨਾਲ ਲੜਾਂਗੇ। ਇਸ ਆਵਾਜ਼ ਨੂੰ ਬੁਲੰਦ ਕਰਨ ਅਤੇ ਇਨਸਾਫ ਪ੍ਰਾਪਤ ਕਰਨ ਲਈ ਅਸੀਂ 17 ਅਗਸਤ ਤੋਂ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ ਕਰ ਰਹੇ ਹਾਂ।’’
ਇਹ 16 ਦਿਨਾ ਯਾਤਰਾ ਰਾਹੁਲ ਗਾਂਧੀ ਵੱਲੋਂ ਪਹਿਲਾਂ ਕੱਢੀਆਂ ਦੋ ਭਾਰਤ ਜੋੜੋ ਯਾਤਰਾਵਾਂ ਦੇ ਮਾਡਲ ’ਤੇ ਆਧਾਰਤ ਹੈ। ਯਾਤਰਾ ਸਾਸਾਰਾਮ ਦੇ ਸੁਵਾਰਾ ਏਅਰਸਟਿ੍ਰਪ (ਬਿਆਡਾ ਗਰਾਊਂਡ) ਤੋਂ ਸਵੇਰੇ 11:30 ਵਜੇ ਸ਼ੁਰੂ ਹੋਈ। ਰਾਜ ਭਰ ਵਿੱਚ 1,300 ਕਿੱਲੋਮੀਟਰ ਦਾ ਫਾਸਲਾ ਤੈਅ ਕਰਨ ਵੇੇਲੇ ਯਾਤਰਾ ਦੇ 20, 25 ਅਤੇ 31 ਅਗਸਤ ਨੂੰ ਤਿੰਨ ਨਿਰਧਾਰਤ ਬ੍ਰੇਕ ਹੋਣਗੇ।
ਇਹ ਯਾਤਰਾ 1 ਸਤੰਬਰ ਨੂੰ ਪਟਨਾ ਦੇ ਗਾਂਧੀ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਨਾਲ ਸਮਾਪਤ ਹੋਵੇਗੀ, ਜਿੱਥੇ ਰਾਹੁਲ ਗਾਂਧੀ, ਤੇਜਸਵੀ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਸਾਂਝੇ ਤੌਰ ’ਤੇ ਲੋਕਾਂ ਨੂੰ ਸੰਬੋਧਨ ਕਰਨਗੇ। ਖੱਬੇਪੱਖੀ ਪਾਰਟੀਆਂ ਅਤੇ ਇੰਡੀਆ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਆਗ ਵੀ ਇਸ ਵਿੱਚ ਸ਼ਾਮਲ ਹੋਣਗੇ। ਇਹ ਅਗਾਮੀ ਬਿਹਾਰ ਅਸੈਂਬਲੀ ਚੋਣਾਂ ਲਈ ਮੁਹਿੰਮ ਦੀ ਰਸਮੀ ਸ਼ੁਰੂਆਤ ਹੈ। ਕਾਂਗਰਸ ਆਗੂਆਂ ਅਨੁਸਾਰ ਯਾਤਰਾ ਹਾਈਬਿ੍ਰਡ ਮੋਡ ਵਿੱਚ ਕੁਝ ਹੱਦ ਤੱਕ ਪੈਦਲ ਅਤੇ ਕੁਝ ਹੱਦ ਤੱਕ ਵਾਹਨਾਂ ਨਾਲ ਹੋਵੇਗੀ।