ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਵਸ ’ਤੇ ਲਾਲ ਕਿਲੇ੍ਹ ਦੀ ਫਸੀਲ ਤੋਂ ਆਪਣੇ 12ਵੇਂ ਭਾਸ਼ਣ ਵਿੱਚ ‘ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਨਾ’ ਦਾ ਜ਼ਿਕਰ ਕਰਦਿਆਂ ਐਲਾਨਿਆ ਕਿ ਨਿੱਜੀ ਖੇਤਰ ਵਿੱਚ ਪਹਿਲਾਂ ਨੌਕਰੀ ਹਾਸਲ ਕਰਨ ਵਾਲੇ ਬੇਟੇ-ਬੇਟੀ ਨੂੰ 15 ਹਜ਼ਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਮੋਦੀ ਨੇ ਐਲਾਨਿਆ ਸੀ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਸ ਲਈ ਉਨ੍ਹਾ ਸਕਿੱਲ ਇੰਡੀਆ ਮਿਸ਼ਨ, ਮੇਕ ਇਨ ਇੰਡੀਆ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ, ਜਿਨ੍ਹਾਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਉਹ ਨਿੱਜੀ ਖੇਤਰ ਵਿੱਚ ਪਹਿਲੀ ਨੌਕਰੀ ਹਾਸਲ ਕਰਨ ਵਾਲੇ ਨੂੰ ਆਪਣੇ 12ਵੇਂ ਭਾਸ਼ਣ ਵਿੱਚ 15 ਹਜ਼ਾਰ ਰੁਪਏ ਦਾ ਲਾਲੀਪਾਪ ਦੇ ਰਹੇ ਹਨ। ਮੋਦੀ ਦੀਆਂ ਨਾਕਾਮ ਨੀਤੀਆਂ ਕਾਰਨ ਨੌਜਵਾਨ ਵਰਗ ਅਸਾਧਾਰਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਨਿੱਜੀ ਕੰਪਨੀਆਂ ਨਵੇਂ ਰੁਜ਼ਗਾਰ ਨਹੀਂ ਪੈਦਾ ਕਰ ਰਹੀਆਂ ਕਿਉਕਿ ਦੇਸ਼ ਵਿੱਚ ‘ਬੱਚਤ’ ਦੀ ਕਮੀ ਤੇ ਵਧਦੀ ਮਹਿੰਗਾਈ ਕਾਰਨ ਮੰਗ ਹੀ ਘਟ ਗਈ ਹੈ। ਪ੍ਰਧਾਨ ਮੰਤਰੀ ਦੀ ਹਤਾਸ਼ਾ ਦਾ ਆਲਮ ਦੇਖੋ ਕਿ ਜਿਹੜੀਆਂ ਨੌਕਰੀਆਂ ਸਰਕਾਰੀ ਨੀਤੀਆਂ ਦੀ ਵਜ੍ਹਾ ਨਾਲ, ਈਜ਼ ਆਫ ਡੂਇੰਗ ਬਿਜ਼ਨਸ ਨਾਲ ਖੁਦ-ਬ-ਖੁਦ ਪੈਦਾ ਹੋਣੀਆਂ ਚਾਹੀਦੀਆਂ ਸਨ, ਉਸ ਲਈ ਉਨ੍ਹਾ ਨੂੰ ਨਿੱਜੀ ਕੰਪਨੀਆਂ ਨੂੰ ਇੰਸੈਂਟਿਵ ਦੇਣਾ ਪੈ ਰਿਹਾ ਹੈ। ਇਸ ਤਰ੍ਹਾਂ ਉਹ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੀਆਂ ਨਿੱਜੀ ਕੰਪਨੀਆਂ ਤੋਂ ਉਹ ਆਸ ਲਾਈ ਬੈਠੇ ਹਨ, ਉਨ੍ਹਾਂ ਵਿੱਚੋਂ ਇੱਕ ਦੇਸ਼ ਦੀ ਸਭ ਤੋਂ ਵੱਡੀ ਆਈ ਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਹਾਲ ਹੀ ਵਿੱਚ ਸਰਕਾਰ ਦੇ ਨੱਕ ਹੇਠ 12 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਹੈ। ਇਹ ਕੋਈ ਨੌਸਿਖੀਏ ਨਹੀਂ ਸਨ, ਕੰਪਨੀ ਦੇ ਤਜਰਬੇਕਾਰ ਤੇ ਸੀਨੀਅਰ ਮੁਲਾਜ਼ਮ ਸਨ। ਆਈ ਟੀ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਤੇ ਮਸ਼ੀਨ ਲਰਨਿੰਗ (ਐੱਮ ਐੱਲ) ਦੇ ਉਭਾਰ ਕਾਰਨ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ 4-5 ਲੱਖ ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਇਨ੍ਹਾਂ ਵਿੱਚੋਂ 70 ਫੀਸਦੀ 4-12 ਸਾਲ ਦੇ ਤਜਰਬੇ ਵਾਲੇ ਹੋਣਗੇ। ਭਾਰਤ ਇਸ ਲਈ ਤਿਆਰ ਨਹੀਂ ਹੈ ਅਤੇ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਪ੍ਰਧਾਨ ਮੰਤਰੀ ਲੋਕਾਂ ਨੂੰ ਗੰੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਹੀ ਖੇਤਰਾਂ ਵਿੱਚ, ਸਹੀ ਸਮੇਂ ’ਤੇ ਨਿਵੇਸ਼ ਕਰਕੇ ਦੇਸ਼ ਦੇ ਵਿਕਾਸ ਨੂੰ ਰਫਤਾਰ ਪ੍ਰਦਾਨ ਕੀਤੀ ਜਾਂਦੀ ਹੈ। ਭਾਰਤ ਏ ਆਈ ਵਿੱਚ ਇਸ ਲਈ ਨਹੀਂ ਪੱਛੜਿਆ ਕਿ ਇੱਥੇ ਟੇਲੈਂਟ ਦੀ ਕਮੀ ਹੈ, ਇਸ ਲਈ ਪੱਛੜਿਆ, ਕਿਉਕਿ ਮੋਦੀ ਦੀ ਤਰਜੀਹ ਦੇਸ਼ ਦਾ ਵਿਕਾਸ ਨਹੀਂ, ਸੱਤਾ ਨਾਲ ਚਿੰਬੜੇ ਰਹਿਣ ਦੀ ਹੈ। ਜਦੋਂ ਚੀਨ ਏ ਆਈ ਦੇ ਵਿਕਾਸ ਦੀਆਂ ਪੌੜੀਆਂ ਚੜ੍ਹ ਰਿਹਾ ਸੀ, ਤਦ ਮੋਦੀ ਸਰਕਾਰ ਚਾਹੁੰਦੀ ਸੀ ਕਿ ਲੋਕ ਰਾਮ ਮੰਦਰ ਦੀਆਂ ਪੌੜੀਆਂ ਚੜ੍ਹਨ, ਮੰਦਰਾਂ ਦੇ ਕਾਰੀਡੋਰ ਬਣਨ ’ਤੇ ਮਾਣ ਮਹਿਸੂਸ ਕਰਨ ਅਤੇ ਹਰ ਦੂਜੀ ਮਸਜਿਦ ਨੂੰ ਮੰਦਰ ਕਹਿਣ ਦਾ ਦਾਅਵਾ ਅਦਾਲਤ ਵਿੱਚ ਠੋਕਣ। ਭਾਰਤ ਵਿੱਚ ਵਿਕਸਤ ਰਾਸ਼ਟਰ ਬਣਾਉਣ ਤੋਂ ਪਹਿਲਾਂ ਹਿੰਦੂ ਰਾਸ਼ਟਰ ਬਣਨ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ, ਪਰ ਧਰਮ ਢਿੱਡ ਨਹੀਂ ਭਰ ਸਕਦਾ, ਰੋਟੀਆਂ ਨਹੀਂ ਤਿਆਰ ਕਰ ਸਕਦਾ, ਇਲਾਜ ਨਹੀਂ ਕਰ ਸਕਦਾ। ਗਿਆਰਾਂ ਸਾਲ ਬੀਤ ਗਏ, ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਤੇ ਭਾਸ਼ਣਾਂ ਵਿੱਚ ਉਲਝਾਉਣ ਦੇ ਬਾਅਦ ਅੱਜ ਜਦ ਕੁਝ ਬਚਿਆ ਨਹੀਂ ਤਾਂ ਨੌਕਰੀ ਬਦਲੇ ਨਿੱਜੀ ਕੰਪਨੀਆਂ ਨੂੰ ਪੈਸੇ ਦੇਣ ਦੀ ਯੋਜਨਾ ਲੈ ਆਂਦੀ ਹੈ। ਏਨਾ ਹਤਾਸ਼ ਤੇ ਨਿਰਾਸ਼ ਪ੍ਰਧਾਨ ਮੰਤਰੀ ਅੱਜ ਤੱਕ ਭਾਰਤ ਵਿੱਚ ਨਹੀਂ ਦੇਖਿਆ ਗਿਆ। ਮੋਦੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਨਾਕਾਮ ਹੋ ਚੁੱਕੇ ਹਨ ਤੇ ਇਤਿਹਾਸ ਉਨ੍ਹਾ ਨੂੰ ਬਖਸ਼ੇਗਾ ਨਹੀਂ। ਵਰਤਮਾਨ ਨੇ ਉਨ੍ਹਾ ਨੂੰ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਹੈ।



