ਨਵੀਂ ਦਿੱਲੀ : ਕੀ-ਜ਼ੋ ਕੌਂਸਲ (ਕੇ ਜ਼ੈੱਡ ਸੀ) ਨੇ ਵੀਰਵਾਰ ਇੱਕ ਮਹੱਤਵਪੂਰਨ ਫੈਸਲੇ ਵਿੱਚ ਯਾਤਰੀਆਂ ਤੇ ਜ਼ਰੂਰੀ ਵਸਤਾਂ ਦੀ ਸੁਖਾਲੀ ਆਵਾਜਾਈ ਲਈ ਕੌਮੀ ਰਾਜਮਾਰਗ-2 ਖੋਲ੍ਹਣ ਦਾ ਫੈਸਲਾ ਕੀਤਾ । ਨਵੀਂ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਤੇ ਕੇ ਜ਼ੈੱਡ ਸੀ ਦੇ ਵਫਦ ਵਿਚਕਾਰ ਹੋਈਆਂ ਮੀਟਿੰਗਾਂ ਦੀ ਲੜੀ ਤੋਂ ਬਾਅਦ ਇਹ ਫੈਸਲਾ ਆਇਆ ਹੈ। ਇਸ ਵਿੱਚ 3 ਸਤੰਬਰ ਨੂੰ ਹੋਈ ਮੀਟਿੰਗ ਵੀ ਸ਼ਾਮਲ ਹੈ। ਇਹ ਮੀਟਿੰਗਾਂ ਇਸ ਸਾਲ ਜੂਨ ਤੋਂ ਹੋ ਰਹੀਆਂ ਸਨ, ਜਦੋਂ ਕੇਂਦਰ ਨੇ ਮੁਸੀਬਤ ਵਿੱਚ ਘਿਰੇ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਹਿੱਸੇ ਵਜੋਂ ਕੁੱਕੀ ਅਤੇ ਮੈਤੇਈ ਸਮੂਹਾਂ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਸੀ। ਇਹ ਫੈਸਲਾ ਅਜਿਹੇ ਮੌਕੇ ਕੀਤਾ ਗਿਆ ਹੈ, ਜਦੋਂ ਇਸ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਦੌਰੇ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ।




