ਨਵੀਂ ਦਿੱਲੀ : ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਉਨ੍ਹਾ ਦੇ ਡਿਪਟੀ ਰਵਨੀਤ ਸਿੰਘ ਬਿੱਟੂ ਨੇ ਮੋਹਾਲੀ-ਰਾਜਪੁਰਾ ਰੇਲ ਲਿੰਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਮੰਗ ਪਿਛਲੇ 50 ਸਾਲਾਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾ ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਹ ਟਰੇਨ ਬੁੱਧਵਾਰ ਨੂੰ ਛੱਡ ਕੇ ਹਫਤੇ ਭਰ ਚੱਲੇਗੀ। ਮੋਹਾਲੀ-ਰਾਜਪੁਰਾ ਲਿੰਕ ਚੰਡੀਗੜ੍ਹ ਨੂੰ ਮਾਲਵਾ ਖੇਤਰ ਦੇ ਰਾਜਪੁਰਾ, ਪਟਿਆਲਾ, ਸੰਗਰੂਰ ਸਮੇਤ ਹੋਰਾਂ ਨਾਲ ਜੋੜੇਗਾ। ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਪੂਰੇ ਮਾਲਵਾ ਨੂੰ ਦਿੱਲੀ ਨਾਲ ਜੋੜੇਗੀ। ਇਹ ਵੰਦੇ ਭਾਰਤ ਫਿਰੋਜ਼ਪੁਰ ਤੋਂ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਨਵੀਂ ਦਿੱਲੀ ਤੱਕ ਚੱਲੇਗੀ।
ਵੈਸ਼ਨਵ ਨੇ ਕਿਹਾ ਕਿ ਸਿਧਾਂਤਕ ਤੌਰ ’ਤੇ ਮਨਜ਼ੂਰ ਕੀਤੇ ਗਏ ਪ੍ਰਸਤਾਵਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਮੁਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ, ਜੋ ਪੰਜਾਬ ਸਰਕਾਰ ਐਕੁਆਇਰ ਕਰਕੇ ਕੇਂਦਰ ਨੂੰ ਦੇਵੇਗੀ। ਵੈਸ਼ਨਵ ਨੇ ਕਿਹਾ ਕਿ ਪੰਜਾਬ ਨਾਲ ਸੰਬੰਧਤ ਹੋਰ ਪ੍ਰਾਜੈਕਟਾਂ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਵੀ ਸ਼ਾਮਲ ਹੈ। ਉਨ੍ਹਾ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਕੰਮ 2026-27 ਤੱਕ ਪੂਰਾ ਹੋ ਜਾਵੇਗਾ।



