ਚੰਡੀਗੜ੍ਹ (ਗਿਆਨ ਸੈਦਪੁਰੀ)
ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਚੱਲ ਰਹੀ 25ਵੀਂ ਕਾਂਗਰਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਇਹ ਪਾਰਟੀ ਕਾਂਗਰਸ ਉਸ ਇਤਿਹਾਸਕ ਸਾਲ ਵਿੱਚ ਹੋ ਰਹੀ ਹੈ, ਜਦੋਂ ਪਾਰਟੀ ਆਪਣੇ ਸ਼ਤਾਬਦੀ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ। ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿੱਚ ਹੋਈ 24ਵੀਂ ਪਾਰਟੀ ਕਾਂਗਰਸ ਤੋਂ ਬਾਅਦ ਵਿਸ਼ਵ ਅਤੇ ਸਾਡਾ ਦੇਸ਼ ਡੂੰਘੀਆਂ ਸਿਆਸੀ, ਆਰਥਿਕ ਅਤੇ ਸਮਾਜਿਕ ਤਬਦੀਲੀਆਂ ਵਿੱਚੋਂ ਗੁਜ਼ਰਿਆ ਹੈ। ਅੱਜ ਭਾਰਤ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆਂ ਤੇ ਹੋਰ ਕਈ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਪਿੱਠ ਭੂਮੀ ਵਿੱਚ 25ਵੀਂ ਕਾਂਗਰਸ ਚੁਣੌਤੀਆਂ ਤੇ ਰਾਜਸੀ ਸਪੱਸ਼ਟਤਾ ਅਤੇ ਦਿ੍ਰੜ੍ਹ ਵਿਸ਼ਵਾਸ ਨਾਲ ਵਿਚਾਰ-ਚਰਚਾ ਕਰ ਰਹੀ ਹੈ। ਇਸ ਵਿੱਚ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਜਾਣਗੇ, ਜੋ ਪਾਰਟੀ ਦੀ 100 ਸਾਲਾਂ ਦੀ ਵਿਰਾਸਤ ਨੂੰ ਦਰਸਾਉਣਗੇ ਅਤੇ ਇੱਕ ਸਾਹਸੀ ਤੇ ਨਿਰਣਾਇਕ ਦਿਸ਼ਾ ਪ੍ਰਦਾਨ ਕਰਨਗੇ।
ਪਿਛਲੀ ਕਾਂਗਰਸ ਤੋਂ ਬਾਅਦ ਭਾਜਪਾ-ਆਰ ਐੱਸ ਐੱਸ ਦੇ ਗੱਠਜੋੜ ਨੇ ਆਪਣੇ ਧਰਮ ਰਾਜ ਅਤੇ ਹਿੰਦੂ ਰਾਜ ਦੇ ਏਜੰਡੇ ਨੂੰ ਵਧੇਰੇ ਹਮਲਾਵਾਰੀ ਰੂਪ ਵਿੱਚ ਅੱਗੇ ਵਧਾਇਆ ਹੈ।ਸਿਆਸੀ ਮਤੇ ਵਿੱਚ ਦੇਸ਼ ਅਤੇ ਪੂਰੇ ਸੰਸਾਰ ਦੀਆਂ ਪ੍ਰਸਥਿਤੀਆਂ ਦਾ ਪੂਰਾ ਵਿਸਥਾਰ ਦਿੱਤਾ ਗਿਆ ਹੈ। ਕੌਮੀ ਆਗੂ ਅਮਰਜੀਤ ਕੌਰ, ਸਾਬਕਾ ਐੱਮ ਪੀ ਨਾਗੇਂਦਰ ਨਾਥ ਓਝਾ, ਪੀ ਐੱਮ ਮੂਰਥੀ, ਹਰਦੇਵ ਸਿੰਘ ਅਰਸ਼ੀ, ਮੁਹੰਮਦ ਸਲੀਮ, ਪਰਾਂਤੀ ਅਧਿਕਾਰੀ, ਦੇਵੀ ਕੁਮਾਰੀ ਸਰਹਾਲੀ ਕਲਾਂ ਤੇ ਦਨੇਸ਼ ’ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਹਾਜ਼ਰੀ ਵਿੱਚ ਵੱਖ-ਵੱਖ ਡੈਲੀਗੇਟਾਂ ਨੇ ਰਾਜਸੀ ਮਤੇ ’ਤੇ ਗੰਭੀਰ ਬਹਿਸ ਕੀਤੀ। ਮਤੇ ਦਾ ਸਮਰਥਨ ਵੀ ਕੀਤਾ ਗਿਆ ਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ ਗਏ।
ਇਸ ਚਰਚਾ ਦੌਰਾਨ ਇੰਡੀਆ ਬਲਾਕ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਗੱਠਜੋੜ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ। ਆਂਧਰਾ ਪ੍ਰਦੇਸ਼ ਦੇ ਰਾਮਾ �ਿਸ਼ਨਾ ਨੇ ਕਿਹਾ ਕਿ ਅਜੋਕਾ ਦੌਰ ਬੜਾ ਖਤਰਨਾਕ ਹੈ। ਅਜਿਹੇ ਸਮੇਂ ਪਾਰਟੀ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਤਿਲਕ ਰਾਜ ਵਨਾਇਕ ਨੇ ਕਿਹਾ ਕਿ ਅਸੀਂ ਵਿਚਾਰਧਾਰਕ ਤੌਰ ’ਤੇ ਬਹੁਤ ਮਜ਼ਬੂਤ ਹਾਂ। ਏਨੀ ਮਜ਼ਬੂਤੀ ਹੀ ਸਾਨੂੰ ਪ੍ਰੈਕਟੀਕਲੀ ਵੀ ਹੋਣੀ ਚਾਹੀਦੀ ਹੈ। ਉਹਨਾ ਕਿਹਾ ਕਿ ਮਨਰੇਗਾ ਦੇ ਕੰਮ ਨੂੰ ਖੇਤੀ ਨਾਲ ਜੋੜਨਾ ਚਾਹੀਦਾ ਹੈ। ਅਸਾਮ ਦੇ ਬੁਲਾਰੇ ਨੇ ਅਸਾਮੀ ਲੋਕਾਂ ਦੀ ਪਛਾਣ ਦੀ ਸਮੱਸਿਆ ਦਾ ਜ਼ਿਕਰ ਕੀਤਾ।
ਇਸ ਦੌਰਾਨ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਰਾਜਨ ਖੀਰ ਸਾਗਰ ਨੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਆਏ ਹੜ੍ਹਾਂ ਬਾਰੇ ਮਤਾ ਪੇਸ਼ ਕੀਤਾ। ਉਹਨਾ ਕਿਹਾ ਕਿ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਹੜ੍ਹ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਉਦੀ ਹੋਈ ਉਹਨਾਂ ਦੇ ਨਾਲ ਖੜੀ ਹੈ।ਮਤੇ ਵਿੱਚ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਹੜ੍ਹ ਪ੍ਰਭਾਵਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।ਮਤੇ ਵਿੱਚ ਦੱਸਿਆ ਗਿਆ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਸੀ ਪੀ ਆਈ ਵੱਲੋਂ ਰਾਹਤ ਕੈਂਪ ਚਲਾਏ ਜਾ ਰਹੇ ਹਨ। ਸਾਰੀਆਂ ਕਿਸਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਰਾਹਤ ਕੈਂਪਾਂ ਨੂੰ ਸਹਿਯੋਗ ਦਿੱਤਾ ਜਾਵੇ।ਇੱਕ ਮਤੇ ਵਿੱਚ ਫਲਸਤੀਨੀ ਲੋਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਤਰ੍ਹਾਂ ਫਲਸਤੀਨੀ ਲੋਕਾਂ ਦੀ ਹਮਾਇਤ ਦਾ ਮਤਾ ਪਾਸ ਕੀਤਾ ਗਿਆ।ਯੂਨੀਵਰਸਲ ਹੈੱਲਥ ਕੇਅਰ ਸੰਬੰਧੀ ਵੀ ਇੱਕ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਹੈ ਕਿ ਸਿਹਤ ਵਿਅਕਤੀ ਦਾ ਮੁੱਢਲਾ ਹੱਕ ਹੈ। ਦੇਸ਼ ਦੀ ਸਮਾਜਿਕ ਤੇ ਆਰਥਿਕ ਤਰੱਕੀ ਲਈ ਲੋਕਾਂ ਦੀ ਸਿਹਤ ਚੰਗੀ ਹੋਣੀ ਜ਼ਰੂਰੀ ਹੈ। ਯੂਨੀਅਨ ਟੈਰੇਟਰੀ ਪੁਡੂਚੇਰੀ ਲਈ ਕੇਂਦਰ ਸਰਕਾਰ ਦੇ ਸਹਿਯੋਗ ਸੰਬੰਧੀ ਵੀ ਇੱਕ ਮਤਾ ਪਾਸ ਕੀਤਾ ਗਿਆ।ਇਸੇ ਦੌਰਾਨ ਵੱਖ-ਵੱਖ ਦੇਸ਼ਾਂ ਤੋਂ 25ਵੀਂ ਕਾਂਗਰਸ ਲਈ ਆਏ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ।
ਵਧਾਈ ਸੰਦੇਸ਼ ਦੇਣ ਵਾਲੇ ਦੇਸ਼ਾਂ ਵਿੱਚ ਆਸਟਰੇਲੀਆ ਦੀ ਕਮਿਊਨਿਸਟ ਪਾਰਟੀ, ਕਮਿਊਨਿਸਟ ਪਾਰਟੀ ਆਫ ਬੰਗਲਾਦੇਸ਼, ਬਰਤਾਨੀਆ ਦੀ ਕਮਿਊਨਿਸਟ ਪਾਰਟੀ ਤੋਂ ਇਲਾਵਾ ਬਰਾਜ਼ੀਲ, ਚੀਨ, ਕਿਊਬਾ, ਸਾਈਪ੍ਰਸ, ਕੈਟਾਲੋਨੀਆ, ਫਰਾਂਸ, ਜਰਮਨੀ, ਗਰੀਸ, ਈਰਾਨ, ਆਇਰਲੈਂਡ, ਕੀਨੀਆ, ਕੋਰੀਆ ਅਤੇ ਲਾਊਸ ਦੀ ਕ੍ਰਾਂਤੀਕਾਰੀ ਪਾਰਟੀ ਸ਼ਾਮਿਲ ਹੈ। ਇਸੇ ਦੌਰਾਨ ਲਗਭਗ 30 ਡੈਲੀਗੇਟਾਂ ਨੇ ਰਾਜਸੀ ਰਿਪੋਰਟ ’ਤੇ ਹੋਈ ਚਰਚਾ ਵਿੱਚ ਹਿੱਸਾ ਲਿਆ। ਚਰਚਾ ਦੀ ਕਾਰਵਾਈ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਚਲਾਈ।





