ਸੋਨਮ ਵਾਂਗਚੁੱਕ ਦੀ ਗਿ੍ਰਫਤਾਰੀ ਦੀ ਸੀ ਪੀ ਆਈ ਵੱਲੋਂ ਕਰੜੀ ਨਿੰਦਾ

0
106

ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਨੇ ਲੱਦਾਖ ਦੇ ਉੱਘੇ ਜਲਵਾਯੂ ਕਾਰਕੁੰਨ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁੱਕ ਦੀ ਕੌਮੀ ਸੁਰੱਖਿਆ ਐਕਟ ਤਹਿਤ ਗਿ੍ਰਫਤਾਰੀ ਦੀ ਕਰੜੀ ਨਿੰਦਾ ਕੀਤੀ ਹੈ। ਪਾਰਟੀ ਦੇ ਕੌਮੀ ਸਕੱਤਰੇਤ ਨੇ ਕਿਹਾ ਹੈ ਕਿ ਲੱਦਾਖ ਨੂੰ ਰਾਜ ਬਣਾਉਣ ਅਤੇ ਸੰਵਿਧਾਨਕ ਹੱਕਾਂ ਲਈ ਪੁਰਅਮਨ ਆਵਾਜ਼ ਉਠਾਉਣ ਵਾਲੇ ਦੀ ਏਨੇ ਕਰੜੇ ਕਾਨੂੰਨ ਤਹਿਤ ਗਿ੍ਰਫਤਾਰੀ ਸੱਤਾ ਦੀ ਦੁਰਵਰਤੋਂ ਹੈ, ਜੋ ਕਿ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਹ ਕਾਰਵਾਈ ਨਾ ਸਿਰਫ ਲੱਦਾਖ ਦੇ ਲੋਕਾਂ ਦੇ ਹੱਕਾਂ ’ਤੇ ਛਾਪਾ ਹੈ, ਸਗੋਂ ਅਸਹਿਮਤੀ ਨੂੰ ਅਪਰਾਧ ਬਣਾਉਣ ਤੇ ਜਮਹੂਰੀ ਆਵਾਜ਼ਾਂ ਨੂੰ ਖਾਮੋਸ਼ ਕਰਨ ਦੇ ਖਤਰਨਾਕ ਰੁਝਾਨ ਨੂੰ ਦਰਸਾਉਦੀ ਹੈ। ਸੀ ਪੀ ਆਈ ਨੇ ਵਾਂਗਚੁੱਕ ਤੇ ਹੋਰਨਾਂ ਅੰਦੋਲਨਕਾਰੀਆਂ ਦੀ ਤੁਰੰਤ ਰਿਹਾਈ ਅਤੇ ਉਨ੍ਹਾਂ ਵਿਰੁੱਧ ਦਰਜ ਸਾਰੇ ਘੜੇ-ਘੜਾਏ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਲੇਹ ਵਿੱਚ ਕੀਤੀ ਗਈ ਫਾਇਰਿੰਗ, ਜਿਸ ਵਿੱਚ ਜਾਨਾਂ ਗਈਆਂ ਤੇ ਲੋਕ ਜ਼ਖਮੀ ਹੋਏ, ਲਈ ਜ਼ਿੰਮੇਵਾਰ ਦੋਸ਼ੀਆਂ ਦੀ ਪਛਾਣ ਕਰਨ ਲਈ ਅਜ਼ਾਦਾਨਾ ਤੇ ਨਿਰਪੱਖ ਜਾਂਚ ਕਰਵਾਈ ਜਾਵੇ। ਸੀ ਪੀ ਆਈ ਨੇ ਕਿਹਾ ਹੈ ਕਿ ਰਣਨੀਤਕ ਤੌਰ ’ਤੇ ਸੰਵੇਦਨਸ਼ੀਲ ਖਿੱਤੇ ਵਿੱਚ ਵਾਪਰੀਆਂ ਘਟਨਾਵਾਂ ਲਈ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਧਾਰਾ 370 ਖਤਮ ਕਰਕੇ ਅਤੇ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਲੱਦਾਖ ਦੇ ਲੋਕਾਂ ਨਾਲ ਗੱਲਬਾਤ ਕਰਕੇ ਹਾਲਾਤ ਸੁਧਾਰੇ।