ਘਿਨਾਉਣੀ ਹਰਕਤ

0
60

ਸੋਮਵਾਰ ਇੱਕ ਵਕੀਲ ਵੱਲੋਂ ਸੁਪਰੀਮ ਕੋਰਟ ‘ਚ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਮਹਿਜ਼ ਇੱਕ ਸਨਕੀ ਹਰਕਤ ਨਹੀਂ, ਸਗੋਂ ਹਫਤਿਆਂ ਤੋਂ ਚੱਲ ਰਹੀ ਦੱਖਣਪੰਥੀ ਮੁਹਿੰਮ ਦਾ ਨਤੀਜਾ ਹੈ | ਅਜੀਤ ਭਾਰਤੀ ਵਰਗੇ ਹਿੰਦੂ ਦੱਖਣਪੰਥੀ ਯੂਟਿਊਬ ਕ੍ਰਿਏਟਰ ਤੇ ਹੋਰ ਲਗਾਤਾਰ ਚੀਫ ਜਸਟਿਸ ਖਿਲਾਫ ਨਫਰਤ ਫੈਲਾ ਰਹੇ ਸਨ | ਸੁਰੱਖਿਆ ਕਰਮੀ ਜਦੋਂ 71 ਸਾਲਾ ਵਕੀਲ ਰਾਕੇਸ਼ ਕਿਸ਼ੋਰ ਨੂੰ ਫੜ ਕੇ ਬਾਹਰ ਲਿਜਾ ਰਹੇ ਸਨ ਤਾਂ ਉਸ ਨੇ ‘ਸਨਾਤਨ ਧਰਮ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦੇ ਨਾਅਰੇ ਲਾਏ |
ਇਹ ਹਮਲਾ ਉਸ ਵਿਵਾਦ ਦਾ ਸਿਖਰ ਸੀ, ਜਿਹੜਾ ਚੀਫ ਜਸਟਿਸ ਦੀ 16 ਸਤੰਬਰ ਦੀ ਇੱਕ ਟਿੱਪਣੀ ਨਾਲ ਸ਼ੁਰੂ ਹੋਇਆ ਸੀ | ਖਜੁਰਾਹੋ ਦੇ ਜਾਵਰੀ ਮੰਦਰ ਵਿੱਚ ਭਗਵਾਨ ਵਿਸ਼ਨੂੰ ਦੀ ਸੱਤ ਫੁੱਟ ਉੱਚੀ ਟੁੱਟੀ ਮੂਰਤੀ ਨੂੰ ਬਹਾਲ ਕਰਨ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਚੀਫ ਜਸਟਿਸ ਗਵਈ ਨੇ ਕਿਹਾ ਸੀ, ‘ਜਾਓ ਤੇ ਭਗਵਾਨ ਨੂੰ ਖੁਦ ਕੁਝ ਕਰਨ ਨੂੰ ਕਹੋ | ਤੁਸੀਂ ਕਹਿੰਦੇ ਹੋ ਕਿ ਤੁਸੀਂ ਭਗਵਾਨ ਵਿਸ਼ਨੂੰ ਦੇ ਕੱਟੜ ਭਗਤ ਹੋ, ਤਾਂ ਜਾਓ ਤੇ ਪ੍ਰਾਰਥਨਾ ਕਰੋ |’ ਪਟੀਸ਼ਨ ਨੂੰ ਸਿਰਫ ਪ੍ਰਚਾਰ ਹਾਸਲ ਕਰਨ ਵਾਲੀ ਦੱਸਦਿਆਂ ਚੀਫ ਜਸਟਿਸ ਨੇ ਇਹ ਵੀ ਕਿਹਾ ਸੀ ਕਿ ਇਹ ਇੱਕ ਪੁਰਾਤੱਤਵ ਸਥਾਨ ਹੈ ਤੇ ਇਸ ਲਈ ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾ ਤੋਂ ਆਗਿਆ ਦੀ ਲੋੜ ਹੈ | ਉਨ੍ਹਾ ਇੱਥੋਂ ਤੱਕ ਸੁਝਾਅ ਦਿੱਤਾ ਸੀ ਕਿ ਜੇ ਪਟੀਸ਼ਨਰ ਸ਼ੈਵ ਧਰਮ ਤੋਂ ਪਰਹੇਜ਼ ਨਹੀਂ ਕਰਦਾ ਤਾਂ ਉਹ ਸ਼ਿਵ ਮੰਦਰ ਵਿੱਚ ਜਾ ਕੇ ਪੂਜਾ ਕਰ ਸਕਦਾ ਹੈ | ਚੀਫ ਜਸਟਿਸ ਦੀ ਇਹ ਟਿੱਪਣੀ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਫੈਲ ਗਈ | ਇਸ ਦੀ ਪ੍ਰਤੀਕਿਰਿਆ ਵਿੱਚ ‘ਇੰਪੀਚ ਸੀ ਜੇ ਆਈ’ (ਚੀਫ ਜਸਟਿਸ ਨੂੰ ਮਹਾਂਦੋਸ਼ ਲਾ ਕੇ ਕੱਢੋ) ਦਾ ਹੈਸ਼ਟੈਗ ਟਰੈਂਡ ਕਰਨ ਲੱਗਾ ਤੇ ਹਿੰਦੂ ਸੰਗਠਨਾਂ ਨੇ ਚੀਫ ਜਸਟਿਸ ਦੀ ਟਿੱਪਣੀ ਨੂੰ ਧਾਰਮਕ ਭਾਵਨਾਵਾਂ ਦਾ ਅਪਮਾਨ ਦੱਸਿਆ | ਦੋ ਦਿਨ ਬਾਅਦ ਚੀਫ ਜਸਟਿਸ ਨੇ ਸਫਾਈ ਦਿੱਤੀ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ | ਇਸ ਦੇ ਬਾਵਜੂਦ ਦੱਖਣਪੰਥੀ ਨਹੀਂ ਰੁਕੇ | ਇੱਥੋਂ ਤੱਕ ਕਿ ਸੋਮਵਾਰ ਦੀ ਘਟਨਾ ਦੇ ਤੁਰੰਤ ਬਾਅਦ ਅਜੀਤ ਭਾਰਤੀ ਨੇ ਫਿਰ ਭੜਕਾਊ ਪੋਸਟ ਪਾ ਕੇ ਲਿਖਿਆ, ‘ਅੱਜ ਚੀਫ ਜਸਟਿਸ ਗਵਈ ਨੂੰ ਇੱਕ ਵਕੀਲ ਦੀ ਜੁੱਤੀ ਵੱਜਦੀ-ਵੱਜਦੀ ਰਹਿ ਗਈ | ਇਹ ਸ਼ੁਰੂਆਤ ਹੈ | ਅਜਿਹੇ ਪਤਿਤ, ਹਿੰਦੂ ਵਿਰੋਧੀ ਤੇ ਬੁਜ਼ਦਿਲ ਜੱਜਾਂ ਨਾਲ ਸੜਕਾਂ ‘ਤੇ ਵੀ ਅਜਿਹਾ ਹੀ ਹੋਵੇਗਾ, ਜੇ ਉਹ ਆਦੇਸ਼ ਵਿੱਚ ਲਿਖੀਆਂ ਜਾਣ ਵਾਲੀਆਂ ਗੱਲਾਂ ਤੋਂ ਵੱਖਰੀਆਂ ਟਿੱਪਣੀਆਂ ਕਰਕੇ ਹਿੰਦੂਆਂ ਨੂੰ ਨੀਵਾਂ ਦਿਖਾਉਣਗੇ |’ ਇਸ ਤੋਂ ਪਹਿਲਾਂ ਭਾਰਤੀ ਨੇ ਚੀਫ ਜਸਟਿਸ ਨੂੰ ਹਿੰਦੂ ਘਿ੍ਣਾ ਨਾਲ ਭਰਿਆ ਘਟੀਆ ਜੱਜ ਕਰਾਰ ਦਿੱਤਾ ਸੀ | ਉਸ ਨੇ ਇਹ ਵੀ ਕਿਹਾ ਸੀ ਕਿ ਚੀਫ ਜਸਟਿਸ ਗਵਈ ਵਰਗੇ ਲੋਕ ਆਪਣੀਆਂ ਹਿੰਦੂ ਵਿਰੋਧੀ ਟਿੱਪਣੀਆਂ ਦੇ ਬਾਵਜੂਦ ਬਿਨਾਂ ਕਿਸੇ ਨਤੀਜੇ ਦੇ ਕਿਵੇਂ ਬਚ ਜਾਂਦੇ ਹਨ?
ਅਜੀਤ ਭਾਰਤੀ ਤੋਂ ਇਲਾਵਾ ਕਈ ਹੋਰ ਹਿੰਦੂ ਦੱਖਣਪੰਥੀ ਸੰਗਠਨਾਂ ਤੇ ਵਿਅਕਤੀਆਂ ਨੇ ਚੀਫ ਜਸਟਿਸ ਖਿਲਾਫ ਮੁਹਿੰਮ ਚਲਾਈ | ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਜੱਜ ਬੋਲਣ ਵੇਲੇ ਸੰਜਮ ਰੱਖਿਆ ਕਰਨ | ਵਕੀਲ ਵਿਨੀਤ ਜਿੰਦਲ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਆਪਣੀ ਟਿੱਪਣੀ ਵਾਪਸ ਲੈਣ ਦੀ ਮੰਗ ਕੀਤੀ ਤੇ ਇਸ ਦੀ ਇੱਕ ਕਾਪੀ ਰਾਸ਼ਟਰਪਤੀ ਨੂੰ ਵੀ ਭੇਜੀ | ਦੱਖਣਪੰਥੀਆਂ ਦੇ ਪ੍ਰਚਾਰ ਵਿੱਚ ਗੋਦੀ ਮੀਡੀਆ ਵੀ ਪੂਰਾ ਹਿੱਸਾ ਪਾ ਰਿਹਾ ਹੈ | ਉਹ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਕੀਲ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਵੇਂ ਉਹ ਉਲੰਪਿਕ ਮੈਡਲ ਜਿੱਤ ਕੇ ਆਇਆ ਹੋਵੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿੱਚ ਜਿਹੜੀ ਘਟਨਾ ਵਾਪਰੀ, ਉਸ ਤਰ੍ਹਾਂ ਦੀਆਂ ਨਿਖੇਧੀਯੋਗ ਘਟਨਾਵਾਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ | ਉਨ੍ਹਾ ਚੀਫ ਜਸਟਿਸ ਦੇ ਸ਼ਾਂਤ ਰਵੱਈਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਿਆਂ ਦੀਆਂ ਕਦਰਾਂ ਤੇ ਸੰਵਿਧਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਪ੍ਰਤੀ ਉਨ੍ਹਾ ਦੀ ਵਚਨਬੱਧਤਾ ਨਜ਼ਰ ਆਉਂਦੀ ਹੈ |
ਚੀਫ ਜਸਟਿਸ ਨੇ ਹਮਲਾਵਰ ਵਕੀਲ ਵਿਰੁੱਧ ਕੋਈ ਦੰਡਾਤਮਕ ਕਾਰਵਾਈ ਨਾ ਕਰਕੇ ਜਿੱਥੇ ਸਿਆਣਪ ਦਾ ਸਬੂਤ ਦਿੱਤਾ ਹੈ, ਕੀ ਪ੍ਰਧਾਨ ਮੰਤਰੀ ਵੀ ਰੱਸੇ ਤੁੜਾਈ ਫਿਰਦੇ ਦੱਖਣਪੰਥੀਆਂ ਦੀ ਨਕੇਲ ਕੱਸ ਕੇ ਦੇਸ਼ ਵਿੱਚ ਫੈਲਾਈ ਜਾ ਰਹੀ ਨਫਰਤ ਨੂੰ ਠੱਲ੍ਹ ਪਾਉਣ ਲਈ ਸਿਆਣਪ ਦਿਖਾਉਣਗੇ?