ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦਾ ਭਰੋਸਾ ਦਿੱਤਾ ਹੈ | ਟਰੰਪ ਨੇ ਕਿਹਾ ਕਿ ਭਾਰਤ ਨੇ ਰੂਸ ਤੋਂ ਆਪਣੀ ਖਰੀਦ ਨੂੰ ਘੱਟ ਕਰ ਦਿੱਤਾ ਹੈ ਅਤੇ ਲੱਗਭੱਗ ਬੰਦ ਹੀ ਕਰ ਦਿੱਤਾ ਹੈ | ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਲੰਚ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ | ਇਸੇ ਦੌਰਾਨ ਟਰੰਪ ਨੇ ਯੂਕਰੇਨ ਤੇ ਰੂਸ ਨੂੰ ਜੰਗ ਰੋਕਣ ਦੀ ਅਪੀਲ ਕਰਦਿਆਂ ਕਿਹਾ, ”ਉਹ ਜਿੱਥੇ ਹਨ, ਉੱਥੇ ਹੀ ਰੁਕ ਜਾਣ ਅਤੇ ਆਪਣੀ ਭਿਆਨਕ ਜੰਗ ਨੂੰ ਖਤਮ ਕਰਨ…ਦੋਵੇਂ ਜਿੱਤ ਦਾ ਦਾਅਵਾ ਕਰਨ, ਇਤਿਹਾਸ ਨੂੰ ਫੈਸਲਾ ਕਰਨ ਦੇਣ |”
ਪਾਕਿਸਤਾਨ ਦੀ ਹਰ ਇੰਚ ਧਰਤੀ ਮਾਰ ਹੇਠ : ਰਾਜਨਾਥ
ਲਖਨਊ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖੇਤਰ ਦਾ ਹਰ ਇੰਚ ਹੁਣ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ਵਿੱਚ ਹੈ | ਉਨ੍ਹਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਲਖਨਊ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਦਾ ਉਦਘਾਟਨ ਕਰਨ ਵੇਲੇ ਕਿਹਾ, Tਜਿੱਤ ਸਾਡੀ ਆਦਤ ਬਣ ਗਈ ਹੈ | ਅਪ੍ਰੇਸ਼ਨ ਸਿੰਧੂਰ ਵਿੱਚ ਬ੍ਰਹਮੋਸ ਮਿਜ਼ਾਈਲਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ |”
ਚਿਰਾਗ ਨੂੰ ਵੱਡਾ ਧੱਕਾ
ਪਟਨਾ : ਐੱਨ ਡੀ ਏ ਨੂੰ ਵੱਡਾ ਧੱਕਾ ਲੱਗਾ, ਜਦੋਂ ਇਸ ਦੀ ਭਾਈਵਾਲ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੀ ਉਮੀਦਵਾਰ ਸੀਮਾ ਸਿੰਘ ਦੇ ਬਿਹਾਰ ਅਸੈਂਬਲੀ ਦੇ ਹਲਕਾ ਮਧੌਰਾ ਤੋਂ ਨਾਮਜ਼ਦਗੀ ਕਾਗਜ਼ ਸਨਿੱਚਰਵਾਰ ਰੱਦ ਹੋ ਗਏ | ਮਸ਼ਹੂਰ ਭੋਜਪੁਰੀ ਗਾਇਕਾ ਸੀਮਾ ਸਿੰਘ ਨੂੰ ਚਿਰਾਗ ਪਾਸਵਾਨ ਦੀ ਪਾਰਟੀ ਦਾ ਤਕੜਾ ਉਮੀਦਵਾਰ ਮੰਨਿਆ ਜਾ ਰਿਹਾ ਸੀ |
ਇਜ਼ਰਾਈਲ ਨੇ ਫਲਸਤੀਨੀ ਟੱਬਰ ਦੇ 11 ਜੀਅ ਮਾਰੇ
ਗਾਜ਼ਾ : ਗੋਲੀਬੰਦੀ ਦੇ ਬਾਵਜੂਦ ਇਜ਼ਰਾਈਲ ਨੇ ਸ਼ੁੱਕਰਵਾਰ ਟੈਂਕ ਦਾ ਗੋਲਾ ਚਲਾ ਕੇ ਗਾਜ਼ਾ ਸ਼ਹਿਰ ਨੇੜੇ ਇੱਕ ਪਰਵਾਰ ਦੇ 11 ਜੀਅ ਮਾਰ ਦਿੱਤੇ | ਮਰਨ ਵਾਲਿਆਂ ਵਿੱਚ 7 ਬੱਚੇ ਤੇ 3 ਔਰਤਾਂ ਹਨ | ਉਹ ਖੰਡਰ ਹੋ ਚੁੱਕੇ ਆਪਣੇ ਘਰ ਨੂੰ ਦੇਖਣ ਜਾ ਰਹੇ ਸਨ | ਹਮਾਸ ਨੇ ਇਸ ਨੂੰ ਕਤਲੇਆਮ ਦੱਸਦਿਆਂ ਟਰੰਪ ਨੂੰ ਕਿਹਾ ਹੈ ਕਿ ਉਹ ਗੋਲੀਬੰਦੀ ਨੂੰ ਲਾਗੂ ਕਰਾਉਣ ਲਈ ਇਜ਼ਰਾਈਲ ‘ਤੇ ਦਬਾਅ ਪਾਏ |
ਅੰਨ੍ਹਾ ਕਰ ਛੱਡਿਆ
ਗਾਜ਼ਾ : 28 ਸਾਲਾ ਮਹਿਮੂਦ ਅਬੂ ਫੋਲ ਨੇ 8 ਮਹੀਨਿਆਂ ਬਾਅਦ ਇਜ਼ਰਾਈਲੀ ਕੈਦ ਵਿੱਚੋਂ ਛੁੱਟਣ ਦੇ ਬਾਅਦ ਮਾਂ ਦੀ ਆਵਾਜ਼ ਤਾਂ ਸੁਣੀ, ਪਰ ਉਸ ਨੂੰ ਦੇਖ ਨਹੀਂ ਸਕਿਆ | ਉਸ ਨੂੰ ਇਜ਼ਰਾਈਲ ਫੌਜ ਨੇ ਪਿਛਲੇ ਦਸੰਬਰ ਵਿੱਚ ਬੀਟ ਲਾਹੀਆ ਦੇ ਕਮਾਲ ਅਦਵਾਨ ਹਸਪਤਾਲ ਤੋਂ ਚੁੱਕਿਆ ਸੀ | ਉਸ ਨੇ ਦੱਸਿਆ ਕਿ ਇਜ਼ਰਾਈਲੀਆਂ ਨੇ ਉਸ ‘ਤੇ ਏਨਾ ਜ਼ੁਲਮ ਕੀਤਾ ਕਿ ਅੰਨ੍ਹਾ ਕਰ ਦਿੱਤਾ | ਇੱਕ ਦਿਨ ਇਜ਼ਰਾਈਲੀ ਗਾਰਡ ਨੇ ਉਸ ਦੇ ਸਿਰ ਵਿੱਚ ਏਨੀ ਜ਼ੋਰ ਨਾਲ ਕੁਝ ਮਾਰਿਆ ਕਿ ਉਸ ਨੂੰ ਦਿਸਣੋਂ ਹਟ ਗਿਆ | ਉਹ ਇਲਾਜ ਲਈ ਮਿੰਨਤਾਂ ਕਰਦਾ ਰਿਹਾ, ਪਰ ਉਸ ਨੂੰ ਅੱਖਾਂ ਵਿੱਚ ਪਾਉਣ ਵਾਲੀਆਂ ਬੂੰਦਾਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਗਿਆ |
ਸਤੀ ਦੇ ਸਰਾਪ ਦੀ ਦਹਿਸ਼ਤ
ਹਮੀਰਪੁਰ : ਹਿਮਾਚਲ ਦੇ ਜ਼ਿਲ੍ਹਾ ਹਮੀਰਪੁਰ ਦੇ ਪਿੰਡ ਸਾਮੂ ਦੇ ਲੋਕ ਐਤਕੀਂ ਵੀ ਦੀਵਾਲੀ ‘ਤੇ ਪਟਾਕੇ ਨਹੀਂ ਚਲਾਉਣਗੇ | ਹਮੀਰਪੁਰ ਤੋਂ ਕਰੀਬ 25 ਕਿੱਲੋਮੀਟਰ ਦੂਰ ਪੈਂਦੇ ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਪੁਰਾਣੇ ਵੇਲਿਆਂ ‘ਚ ਗਰਭਵਤੀ ਵੀਨਾ ਦੇਵੀ ਦੀਵਾਲੀ ਦੀਆਂ ਤਿਆਰੀਆਂ ਕਰ ਰਹੀ ਸੀ ਕਿ ਸਥਾਨਕ ਰਾਜੇ ਦੀ ਫੌਜ ਵਿੱਚ ਨੌਕਰੀ ਕਰਦੇ ਪਤੀ ਦੀ ਲਾਸ਼ ਘਰ ਆ ਗਈ | ਉਹ ਪਤੀ ਦੀ ਚਿਖਾ ‘ਚ ਛਾਲ ਮਾਰ ਕੇ ਸਤੀ ਹੋ ਗਈ ਅਤੇ ਮਰਨ ਤੋਂ ਪਹਿਲਾਂ ਸਰਾਪ ਦੇ ਗਈ ਕਿ ਪਿੰਡ ਦੇ ਲੋਕ ਹੁਣ ਕਦੇ ਵੀ ਦੀਵਾਲੀ ਨਹੀਂ ਮਨਾ ਸਕਣਗੇ | ਲੋਕਾਂ ਨੇ ਜਦੋਂ ਵੀ ਪਟਾਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਣਾ ਵਰਤ ਜਾਂਦਾ ਰਿਹਾ ਜਾਂ ਕੋਈ ਮਰ ਜਾਂਦਾ ਸੀ ਜਾਂ ਹੋਰ ਕੋਈ ਕਹਿਰ ਵਾਪਰ ਜਾਂਦਾ ਸੀ | ਹਵਨ ਵੀ ਕਰਵਾਏ, ਪਰ ਹੱਲ ਨਹੀਂ ਨਿਕਲਿਆ | ਲੋਕ ਦੀਵੇ ਤਾਂ ਜਗਾ ਲੈਂਦੇ ਹਨ, ਪਰ ਪਟਾਕੇ ਨਹੀਂ ਚਲਾਉਂਦੇ | ਹਾਲ ਇਹ ਹੈ ਕਿ ਕਈ ਲੋਕ ਤਾਂ ਦੀਵਾਲੀ ਵਾਲੇ ਦਿਨ ਘਰੋਂ ਹੀ ਨਹੀਂ ਨਿਕਲਦੇ |


