ਚੰਡੀਗੜ੍ਹ : ਦਿੱਲੀ ਹਾਈ ਕੋਰਟ ਨੇ ਸਜ਼ਾ ਸਮੀਖਿਆ ਕਮੇਟੀ ਦੀ ਅਗਾਮੀ ਮੀਟਿੰਗ ਵਿਚ 1993 ਬੰਬ ਧਮਾਕਾ ਕੇਸ, ਜਿਸ ਵਿਚ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉੱਤੇ ਨਵੇਂ ਸਿਰਿਓਾ ਨਜ਼ਰਸਾਨੀ ਦੇ ਨਿਰਦੇਸ਼ ਦਿੱਤੇ ਹਨ | ਹਾਈ ਕੋਰਟ ਭੁੱਲਰ ਦੀ ਸਜ਼ਾ ਤੇ ਜੇਲ੍ਹ ਦੀਆਂ ਸੇਧਾਂ ਮੁਤਾਬਕ ਸਜ਼ਾ ਮੁਆਫ਼ੀ ਲਈ ਉਸ ਦੀ ਯੋਗਤਾ ਉੱਤੇ ਮੁੜ ਨਜ਼ਰਸਾਨੀ ਦੀ ਮੰਗ ਕਰਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ | ਦਿੱਲੀ ਦੀ ਮਨੋਨੀਤ ਟਾਡਾ ਕੋਰਟ ਨੇ ਭੁੱਲਰ ਨੂੰ 1993 ਵਿਚ ਹੋਏ ਬੰਬ ਧਮਾਕੇ, ਜਿਸ ਦਾ ਨਿਸ਼ਾਨਾ ਭਾਰਤੀ ਯੂਥ ਕਾਂਗਰਸ ਦਾ ਤਤਕਾਲੀ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਸੀ, ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 25 ਅਗਸਤ 2001 ਨੂੰ ਮੌਤ ਦੀ ਸਜ਼ਾ ਸੁਣਾਈ ਸੀ | ਇਸ ਧਮਾਕੇ ਵਿਚ 9 ਵਿਅਕਤੀ ਮਾਰੇ ਗਏ ਸਨ ਤੇ ਬਿੱਟਾ ਸਣੇ ਦੋ ਦਰਜਨ ਵਿਅਕਤੀ ਜ਼ਖਮੀ ਹੋ ਗਏ ਸਨ | ਮਾਰਚ 2014 ਵਿਚ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਸੀ |


