ਨਵੀਂ ਦਿੱਲੀ : ਪਾਕਿਸਤਾਨ ਨੇ 28 ਨਵੰਬਰ ਤੋਂ 10 ਦਸੰਬਰ 2025 ਤੱਕ ਚੇਨਈ ਅਤੇ ਮਦੁਰਾਈ ਵਿੱਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ | ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਆਪਰੇਸ਼ਨ ਸਿੰਧੂਰ ਵਜੋਂ ਜਾਣੇ ਜਾਂਦੇ ਭਾਰਤ ਦੇ ਜਵਾਬੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਖੇਡ ਸੰਬੰਧ ਪ੍ਰਭਾਵਿਤ ਹੋਏ ਹਨ |
ਭਾਜਪਾ ਕੌਂਸਲਰ ਸ਼ਿਵਮ ਸ਼ਰਮਾ ‘ਆਪ’ ‘ਚ ਸ਼ਾਮਲ
ਜਲੰਧਰ : ਜਲੰਧਰ ਸੈਂਟਰਲ ਵਿਚ ਸ਼ੁੱਕਰਵਾਰ ਨੂੰ ਇਕ ਵੱਡੀ ਰਾਜਨੀਤਕ ਤਬਦੀਲੀ ਵੇਖਣ ਨੂੰ ਮਿਲੀ, ਜਿਸ ਤਹਿਤ ਭਾਰਤੀ ਜਨਤਾ ਪਾਰਟੀ ਦਾ ਇੱਕ ਕੌਂਸਲਰ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ | ਵਾਰਡ ਨੰਬਰ 12 ਦੇ ਭਾਜਪਾ ਕੌਂਸਲਰ ਸ਼ਿਵਮ ਸ਼ਰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ | ਇਸ ਮੌਕੇ ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕਾਕੂ ਆਹਲੂਵਾਲੀਆ, ਸੌਰਭ ਸੇਠ ਅਤੇ ਸਰਪੰਚ ਬਲਕਰਨ ਸਿੰਘ ਵੀ ਮੌਜੂਦ ਸਨ |
ਕਮਲ ਭਾਬੀ ਕਤਲ ਮਾਮਲੇ ‘ਚ 2 ਖਿਲਾਫ਼ ਦੋਸ਼ ਆਇਦ
ਬਠਿੰਡਾ : ਬਹੁਚਰਚਿਤ ਕਮਲ ਕੌਰ ਭਾਬੀ ਕਤਲ ਮਾਮਲੇ ਵਿਚ ਇੱਕ ਅਦਾਲਤ ਨੇ ਦੋ ਦੋਸ਼ੀਆਂ ਖਿਲਾਫ ਦੋਸ਼ ਆਇਦ ਕਰ ਦਿੱਤੇ ਹਨ | ਇਸ ਕੇਸ ਵਿਚ ਜਸਪ੍ਰੀਤ ਸਿੰਘ ਅਤੇ ਨਿਮਰਤ ਪ੍ਰੀਤ ਕੌਰ ਖਿਲਾਫ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਵਾਂ ਨੂੰ ਦੋਸ਼ੀ ਮੰਨਦੇ ਹੋਏ ਕੇਸ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਹਾਲਾਂਕਿ ਦੋਵਾਂ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ | ਇਸ ਮਾਮਲੇ ‘ਚ ਅੰਮਿ੍ਤਪਾਲ ਸਿੰਘ ਮਹਿਰੋ ਅਤੇ ਰਣਜੀਤ ਸਿੰਘ ਅਜੇ ਵੀ ਫਰਾਰ ਹਨ | ਸਮਝਿਆ ਜਾਂਦਾ ਹੈ ਕਿ ਅੰਮਿ੍ਤਪਾਲ ਸਿੰਘ ਸੰਯੁਕਤ ਅਰਬ ਅਮੀਰਾਤ ਭੱਜ ਗਿਆ ਹੈ, ਜਦੋਂ ਕਿ ਰਣਜੀਤ ਸਿੰਘ ਬਾਰੇ ਕੋਈ ਉੱਘ-ਸੁੱਘ ਨਹੀਂ ਹੈ | ਜਾਂਚ ਏਜੰਸੀਆਂ ਮੁਤਾਬਕ ਇੱਕ ਅਣਪਛਾਤੇ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ, ਜਿਸ ਦੀ ਭੂਮਿਕਾ ‘ਤੇ ਵੀ ਸ਼ੱਕ ਹੈ | ਜ਼ਿਕਰਯੋਗ ਹੈ ਕਿ ਕਮਲ ਕੌਰ ਭਾਬੀ ਦੇ ਕਤਲ ਨੇ ਪੰਜਾਬ ਵਿੱਚ ਸਨਸਨੀ ਫੈਲਾ ਦਿੱਤੀ ਸੀ |




