ਵੈਨਕੂਵਰ : ਅਮਰੀਕੀ ਪੁਲਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਸ਼ਿੰਗਟਨ ਅਤੇ ਕੈਲੇਫੋਰਨੀਆ ਵਿੱਚ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ, ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਹੈ | ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲਸ ਵਿਭਾਗ) ਵੱਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) ਸਾਰੇ ਵਾਸੀ ਰੈਂਚੋ ਕੂਕਾਮੋਂਗਾ, ਸੰਦੀਪ ਸਿੰਘ (31) ਵਾਸੀ ਸੇਂਟ ਬਰਨਾਰਡ, ਮਨਦੀਪ ਸਿੰਘ (42), ਰਣਜੋਧ ਸਿੰਘ (38) ਦੋਹੇਂ ਵਾਸੀ ਬੇਕਰਜ਼ਫੀਲਡ, ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) ਤਿੰਨੇ ਵਾਸੀ ਫੋਨਟਾਨਾ, ਬਿਕਰਮਜੀਤ ਸਿੰਘ (27) ਵਾਸੀ ਸੈਕਰਾਮੈਂਟੋ, ਹਿੰਮਤ ਸਿੰਘ ਖਾਲਸਾ (28) ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ ਐਲਗਰ ਹਰਨਾਂਦੇਜ (27) ਵਾਸੀ ਫੋਨਟਾਨਾ ਵਜੋਂ ਕੀਤੀ ਗਈ ਹੈ | ਪੁਲਸ ਦੀ ਸਾਂਝੀ ਜਾਂਚ ਟੀਮ ਵੱਲੋਂ ਦੱਸਿਆ ਗਿਆ ਕਿ 2021 ਤੋਂ ਢੋਆ-ਢੁਆਈ ਦੇ ਨਾਂਅ ਹੇਠ ਕੀਮਤੀ ਸਾਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਦੀਆਂ ਕਾਉਂਟੀ ਪੁਲਸ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ | ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁੱਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਗੈਂਗ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂਅ ਹੇਠ ਕੀਮਤੀ ਸਾਮਾਨ ਦੀ ਢੋਆ-ਢੁਆਈ ਦੇ ਠੇਕੇ ਲੈ ਕੇ ਸਾਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਉੱਤੇ ਪਹੁੰਚਾਣ ਦੀ ਥਾਂ ਵੇਚ ਦਿੰਦੇ | ਪੁਲਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਾਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ‘ਤੇ ਵੇਚਦੇ ਸਨ |




