ਸ੍ਰੀਨਗਰ : ਧਾਰਾ 370 ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ 4 ਰਾਜ ਸਭਾ ਸੀਟਾਂ ਲਈ ਹੋਈ ਚੋਣ ਵਿੱਚ ਨੈਸ਼ਨਲ ਕਾਨਫਰੰਸ 3 ਸੀਟਾਂ ਜਿੱਤਣ ਵਿੱਚ ਸਫਲ ਰਹੀ ਜਦ ਕਿ ਭਾਰਤੀ ਜਨਤਾ ਪਾਰਟੀ ਨੇ 1 ਸੀਟ ਉਪਰ ਕਬਜ਼ਾ ਕਰ ਲਿਆ | ਨੈਸ਼ਨਲ ਕਾਨਫਰੰਸ ਦੇ ਮੁਹੰਮਦ ਰਮਜ਼ਾਨ, ਸਾਜਦ ਕਿਚਲੂ ਤੇ ਗੁਰਵਿੰਦਰ ਸਿੰਘ ਉਬਰਾਏ ਆਪਣੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਨਾਲ ਅਸਾਨੀ ਨਾਲ ਚੋਣ ਜਿੱਤਣ ਵਿੱਚ ਸਫਲ ਰਹੇ | ਨੈਸ਼ਨਲ ਕਾਨਫਰੰਸ ਉਮੀਦਵਾਰਾਂ ਦਾ ਕਾਂਗਰਸ, ਪੀ ਡੀ ਪੀ, ਸੀ ਪੀ ਆਈ (ਐਮ) ਤੇ ਅਜ਼ਾਦ ਉਮੀਦਵਾਰਾਂ ਨੇ ਸਮਰਥਨ ਕੀਤਾ | ਚੌਥੀ ਸੀਟ ਲਈ ਆਖਰ ਤੱਕ ਬੇਯਕੀਨੀ ਬਣੀ ਰਹੀ ਤੇ ਦੋਵੇਂ ਧਿਰਾਂ ਹੀ ਜਿੱਤ ਪ੍ਰਤੀ ਆਸਵੰਦ ਸਨ | ਆਖਰ ਭਾਜਪਾ ਦੇ ਉਮੀਦਵਾਰ ਸਤ ਸ਼ਰਮਾ ਕਰਾਸ ਵੋਟਿੰਗ ਸਦਕਾ ਜਿੱਤਣ ਵਿਚ ਕਾਮਯਾਬ ਰਹੇ |
ਦੋਨਾਂ ਧਿਰਾਂ ਦੇ ਆਗੂਆਂ ਨੇ ਨਤੀਜਿਆਂ ਉਪਰੰਤ ਆਪਣੀ ਸਥਿੱਤੀ ਮਜਬੂਤ ਹੋਣ ਦਾ ਦਾਅਵਾ ਕੀਤਾ ਹੈ | ਜੰਮੂ ਕਸ਼ਮੀਰ ਤੋਂ ਨੈਸ਼ਨਲ ਕਾਨਫਰੰਸ ਨੇ 3 ਸੀਟਾਂ ਜਿੱਤ ਕੇ ਰਾਜ ਸਭਾ ਵਿੱਚ ਆਪਣੀ ਸਥਿੱਤੀ ਨੂੰ ਮਜਬੂਤ ਕੀਤਾ ਹੈ ਜਦ ਕਿ ਭਾਜਪਾ ਨੇ ਇਕ ਸੀਟ ਜਿੱਤ ਕੇ ਰਾਜ ਵਿੱਚ ਆਪਣੀ ਅਹਿਮ ਮੌਜੂਦਗੀ ਦਰਜ ਕਰਵਾਈ ਹੈ |




