ਚੰਡੀਗੜ੍ਹ : ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਇੱਕ ਕੋਰੀਅਨ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੇਖ ਕੇ ਹੈਰਾਨ ਰਹਿ ਗਏ। ਉਹ ਉਸ ਦੀ ਰਵਾਨਗੀ ਵਾਲੀ ਪੰਜਾਬੀ ਸੁਣ ਕੇ ਬਹੁਤ ਪ੍ਰਭਾਵਤ ਹੋਏ। ਇੰਟਰਨੈੱਟ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਇਸ ਕਲਿੱਪ ਵਿੱਚ ਉਨ੍ਹਾ ਨੂੰ ਕੋਰੀਅਨ ਮਹਿਲਾ ਨਾਲ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ, ਜੋ ਇੱਕ ਮੂਲ ਨਿਵਾਸੀ ਵਾਂਗ ਪੰਜਾਬੀ ਬੋਲਦੀ ਸੀ। ਮਾਨ ਨੇ ਪੋਸਟ ਹੇਠ ਕੈਪਸ਼ਨ ਵਿੱਚ ਲਿਖਿਆ : ‘‘ਸਾਡੀ ਮਾਂ ਬੋਲੀ, ਪੰਜਾਬੀ, ਸਾਡੇ ਲਈ ਸਿਰਫ ਇੱਕ ਭਾਸ਼ਾ ਨਹੀਂ ਹੈ… ਇਹ ਸਾਡੀ ਪਛਾਣ ਹੈ… ਮੈਨੂੰ ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਇੱਕ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ…ਕੋਰੀਆ ’ਚ ਜੰਮੀ ਇੱਕ ਧੀ ਦੇ ਮੂੰਹੋਂ ਮਾਂ ਬੋਲੀ, ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਾ।’’ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੋਰੀਅਨ ਮਹਿਲਾ ਦੀ ਪੰਜਾਬੀ ਭਾਸ਼ਾ ’ਤੇ ਪਕੜ ਦੀ ਰੱਜ ਕੇ ਤਾਰੀਫ ਕੀਤੀ ਹੈ। ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਮਿਲੀ।’’ ਦੂਜੇ ਨੇ ਲਿਖਿਆ, ‘‘ਇਹ ਪਲ ਸੱਚਮੁੱਚ ਮਾਣ ਕਰਨ ਵਾਲਾ ਹੈ।’’ ਇਹ ਵੀਡੀਓ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਆਲਮੀ ਅਪੀਲ ਨੂੰ ਦਰਸਾਉਂਦਾ ਹੈ, ਜਿਸ ਵਿਚ ਵੱਖੋ-ਵੱਖਰੇ ਪਿਛੋਕੜ ਦੇ ਲੋਕ ਇਸ ਦੀ ਤਾਰੀਫ ਕਰ ਰਹੇ ਹਨ।’’





