ਨਾਮਵਰ ਵਿਦਵਾਨ ਜੈਤੇਗ ਸਿੰਘ ਅਨੰਤ ਦਾ ਦੇਹਾਂਤ

0
27

ਪਟਿਆਲਾ : ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਦਾ 79 ਸਾਲ ਦੀ ਉਮਰ ਵਿੱਚ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ | ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ | ਪੰਜਾਬੀ ਸਾਹਿਤ, ਇਤਿਹਾਸ ਅਤੇ ਫੋਟੋਗ੍ਰਾਫ਼ੀ ਵਿੱਚ ਉਨ੍ਹਾ ਦਾ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ | ਉਨ੍ਹਾ ਸਾਹਿਤ, ਸੁਤੰਤਰਤਾ ਸੰਗਰਾਮ, ਸਿੱਖ ਇਤਿਹਾਸ, ਕਲਾ, ਸੰਗੀਤ, ਸੱਭਿਆਚਾਰ ਅਤੇ ਵਿਰਾਸਤ ਨਾਲ ਸੰਬੰਧਤ ਦੋ ਦਰਜਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ | ਉਹ ਸਿੱਖ ਸੋਚ ਦੇ ਧਾਰਨੀ ਸਨ | ਉਹ ਦੋਸਤਾਂ ਦੇ ਦੋਸਤ ਸਨ | ਉਨ੍ਹਾ ਦੇ ਕਦਰਦਾਨਾਂ ਅਤੇ ਦੋਸਤਾਂ ਦਾ ਘੇਰਾ ਸਮੁੱਚੇ ਸੰਸਾਰ ਵਿੱਚ ਸੀ | ਦੋ ਮਹੀਨੇ ਪਹਿਲਾਂ ਉਨ੍ਹਾ ਦੀ ਪਤਨੀ ਜਸਪਾਲ ਕੌਰ ਅਨੰਤ ਸਵਰਗਵਾਸ ਹੋ ਗਏ ਸਨ | ਜੈਤੇਗ ਸਿੰਘ ਅਨੰਤ ਦੇ ਸਵਰਗਵਾਸ ਹੋਣ ‘ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਇੰਚਾਰਜ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਸੰਪਰਕ ਅਧਿਕਾਰੀ ਪਟਿਆਲਾ, ਜੋਤਿੰਦਰ ਸਿੰਘ ਸਾਬਕਾ ਇੰਜੀਨੀਅਰ ਇਨ ਚੀਫ਼ ਬਿਜਲੀ ਬੋਰਡ, ਡਾ. ਬਲਕਾਰ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪਟਿਆਲਾ ਅਤੇ ਡਾ. ਐੱਸ ਐੱਸ ਰੇਖੀ ਪਿੰ੍ਰਸੀਪਲ ਸਰਕਾਰੀ ਗਰਲਜ਼ ਕਾਲਜ ਪਟਿਆਲਾ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੈਤੇਗ ਸਿੰਘ ਅਨੰਤ ਯੋਗਦਾਨ ਹਮੇਸ਼ਾ ਇਤਿਹਾਸ ਦਾ ਹਿੱਸਾ ਬਣਿਆਂ ਰਹੇਗਾ |
ਉਹ ਆਪਣੇ ਪਿੱਛੇ ਸਪੁੱਤਰ ਇੰਜ. ਕੁਲਵੀਰ ਸਿੰਘ ਅਨੰਤ ਅਤੇ ਸਪੁੱਤਰੀ ਆਰਕੀਟੈਕਟ ਕੁਲਪ੍ਰੀਤ ਕੌਰ ਵੜੈਚ ਛੱਡ ਗਏ ਹਨ | ਜੈਤੇਗ ਸਿੰਘ ਅਨੰਤ ਦਾ ਸਸਕਾਰ 11 ਜਨਵਰੀ ਨੂੰ 11.00 ਵਜੇ ਹੋਵੇਗਾ | ਸਹਿਜ ਪਾਠ ਦਾ ਭੋਗ ਤੇ ਅੰਤਮ ਅਰਦਾਸ ਉਸੇ ਦਿਨ ਬਾਅਦ ਦੁਪਹਿਰ ਇੱਕ ਵਜੇ ਗੁਰਦੁਆਰਾ ਬਰੁਕਸਾਈਡ ਸਰੀ (ਕੈਨੇਡਾ) ਵਿਖੇ ਹੋਵੇਗੀ |