ਗੰਗਟੂਰ, ਆਂਧਰਾ ਪ੍ਰਦੇਸ਼
(ਗਿਆਨ ਸੈਦਪੁਰੀ)
ਕੁੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਕੌਮੀ ਕੌਂਸਲ ਦੀ ਮੀਟਿੰਗ 23 ਅਤੇ 24 ਜਨਵਰੀ ਨੂੰ ਸੀ ਪੀ ਆਈ ਜ਼ਿਲ੍ਹਾ ਦਫ਼ਤਰ ਗੰਗਟੂਰ ਵਿਖੇ ਹੋ ਰਹੀ ਹੈ। ਅੰਦੋਲਨ ਦੇ ਆਗੂ ਕਾਮਰੇਡ ਵਿਜੇਂਦਰ ਸਿੰਘ ਨਿਰਮਲ ਅਤੇ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਮੀਟਿੰਗ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਇੱਥੋਂ ਦੇ ਦਲਿਤਾਂ ਅਤੇ ਘੱਟ ਗਿਣਤੀ ਭਾਈਚਾਰਿਆਂ ’ਤੇ ਲਗਾਤਾਰ ਹਮਲੇ ਕਰ ਰਹੀ ਹੈ। ਅਜਿਹੀਆਂ ਪ੍ਰਸਥਿਤੀਆਂ ਵਿੱਚ ਕੀਤੀ ਜਾ ਰਹੀ ਮੀਟਿੰਗ ਦੀ ਬੜੀ ਮਹੱਤਤਾ ਹੈ। ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਸਰਕਾਰੀ ਤੇ ਗੈਰ ਸਰਕਾਰੀ ਤਸ਼ੱਦਦ ਨੂੰ ਰੋਕਣ ਲਈ ਮੀਟਿੰਗ ਵਿੱਚ ਵਿਚਾਰਾਂ ਕਰਨ ਉਪਰੰਤ ਕੋਈ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਸਵੇਰ ਤੋਂ ਹੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਡੈਲੀਗੇਟ ਪੁੱਜਣੇ ਸ਼ੁਰੂ ਹੋ ਗਏ ਸਨ। ਗੰਗਟੂਰ ਦੇ ਜ਼ਿਲ੍ਹਾ ਕਾਮਰੇਡਾਂ ਨੇ ਬਾਹਰੋਂ ਆਏ ਡੈਲੀਗੇਟਾਂ ਦਾ ਭਰਵਾਂ ਸਵਾਗਤ ਕੀਤਾ। ਸ਼ਾਮ ਤੱਕ ਕਾਫ਼ੀ ਗਿਣਤੀ ਵਿੱਚ ਡੈਲੀਗੇਟ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚ ਬਿਹਾਰ ਦੇ ਸਾਬਕਾ ਵਿਧਾਇਕ ਜਾਨਕੀ ਪਾਸਵਾਨ ਤੇ ਸੂਰਯ ਕਾਂਤ ਪਾਸਵਾਨ, ਆਲ ਇੰਡੀਆ ਦਲਿਤ ਰਾਈਟਸ ਮੂਵਮੈਂਟ ਦੇ ਵੱਖ-ਵੱਖ ਸੂਬਿਆਂ ਦੇ ਡੈਲੀਗੇਟ ਸ਼ਾਮਲ ਹਨ। ਪੰਜਾਬ ਵਿੱਚੋਂ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਕਾਮਰੇਡ ਨਾਨਕ ਚੰਦ ਬਜਾਜ ਵੀ ਗੰਗਟੂਰ ਪਹੁੰਚ ਗਏ ਹਨ।





