ਦਾਵੋਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਕ ਮੰਚ ਦੌਰਾਨ ਆਪਣੇ ਪ੍ਰਸਤਾਵਤ ‘ਬੋਰਡ ਆਫ ਪੀਸ’ ਦੇ ਪਹਿਲੇ ਚਾਰਟਰ ਨੂੰ ਰਸਮੀ ਤੌਰ ’ਤੇ ਲਾਂਚ ਕਰ ਦਿੱਤਾ। ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜੋ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਸੁਲਝਾਉਣ ਲਈ ਬਣਾਈ ਗਈ ਹੈ, ਹਾਲਾਂਕਿ ਸ਼ੁਰੂ ਵਿੱਚ ਟਰੰਪ ਨੇ ਇਜ਼ਰਾਈਲ-ਹਮਾਸ ਜੰਗਬੰਦੀ ਤੋਂ ਬਾਅਦ ਗਾਜ਼ਾ ਦੇ ਪੁਨਰ-ਨਿਰਮਾਣ ਅਤੇ ਸ਼ਾਸਨ ਦੀ ਨਿਗਰਾਨੀ ਲਈ ਇਹ ਬੋਰਡ ਬਣਾਉਣ ਦਾ ਐਲਾਨ ਕੀਤਾ ਸੀ।ਟਰੰਪ ਦੇ ਇਸ ‘ਬੋਰਡ ਆਫ ਪੀਸ’ ਦੇ ਮਸੌਦੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਅਰਜਨਟੀਨਾ, ਇੰਡੋਨੇਸ਼ੀਆ, ਤੁਰਕੀ, ਸਾਊਦੀ ਅਰਬ ਅਤੇ ਉਜ਼ਬੇਕਿਸਤਾਨ ਸਮੇਤ ਲਗਭਗ 20 ਦੇਸ਼ਾਂ ਦੇ ਆਗੂਆਂ ਨੇ ਦਸਤਖਤ ਕੀਤੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਕਾਰੀ ਬੋਰਡ ਹੋਵੇਗਾ ਅਤੇ ਲਗਭਗ 35 ਦੇਸ਼ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋ ਚੁੱਕੇ ਹਨ। ਟਰੰਪ ਖੁਦ ਇਸ ਬੋਰਡ ਦੀ ਪ੍ਰਧਾਨਗੀ ਸੰਭਾਲਣਗੇ ਅਤੇ ਚਾਰਟਰ ਅਨੁਸਾਰ ਉਹ ਇਸ ਨੂੰ ਜੀਵਨ ਭਰ ਸੰਭਾਲ ਸਕਦੇ ਹਨ।ਭਾਰਤ ਨੇ ਇਸ ਚਾਰਟਰ ’ਤੇ ਦਸਤਖਤ ਨਹੀਂ ਕੀਤੇ।ਟਰੰਪ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੂੰ ਸੱਦਾ ਦਿੱਤਾ ਸੀ, ਪਰ ਭਾਰਤ, ਚੀਨ, ਫਰਾਂਸ, ਬਿ੍ਰਟੇਨ ਅਤੇ ਜਰਮਨੀ ਵਰਗੇ ਪ੍ਰਮੁੱਖ ਦੇਸ਼ ਦਸਤਖਤੀ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। ਚੀਨ ਨੇ ਇੱਕ ਬਿਆਨ ਜਾਰੀ ਕਰਕੇ ਇਸ ਬੋਰਡ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਕਈ ਯੂਰਪੀ ਦੇਸ਼ਾਂ, ਜਿਵੇਂ ਕਿ ਫਰਾਂਸ, ਨਾਰਵੇ ਅਤੇ ਸਵੀਡਨ ਨੇ ਚਿੰਤਾ ਜਤਾਈ ਹੈ ਕਿ ਇਹ ਬੋਰਡ ਸੰਯੁਕਤ ਰਾਸ਼ਟਰ ਨੂੰ ਕਮਜ਼ੋਰ ਕਰ ਸਕਦਾ ਹੈ।ਬਿ੍ਰਟਿਸ਼ ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਬਿ੍ਰਟੇਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੰਭਾਵਤ ਭਾਗੀਦਾਰੀ ਕਾਰਨ ਇਸ ਚਾਰਟਰ ’ਤੇ ਦਸਤਖਤ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਇਸ ਬੋਰਡ ਦੀ ਸਥਾਈ ਮੈਂਬਰਸ਼ਿਪ ਲਈ ਇੱਕ ਅਰਬ ਡਾਲਰ ਦੇਣੇ ਪੈਣਗੇ।ਟਰੰਪ ਨੇ ਇਸ ਬੋਰਡ ਨੂੰ ‘ਸਭ ਤੋਂ ਪ੍ਰਭਾਵਸ਼ਾਲੀ’ ਅਤੇ ‘ਕੰਮ ਪੂਰਾ ਕਰਨ ਵਾਲੇ’ ਨੇਤਾਵਾਂ ਦਾ ਸਮੂਹ ਦੱਸਿਆ ਹੈ। ਹਾਲਾਂਕਿ ਇਸ ਦੀ ਸਫਲਤਾ ਗਾਜ਼ਾ ਵਿੱਚ ਜੰਗਬੰਦੀ ਦੀ ਸਥਿਰਤਾ ਅਤੇ ਵਿਸ਼ਵਵਿਆਪੀ ਸਮਰਥਨ ’ਤੇ ਨਿਰਭਰ ਕਰੇਗੀ, ਪਰ ਫਿਲਹਾਲ ਰੂਸ ਅਤੇ ਯੂਕਰੇਨ ਵਰਗੇ ਦੇਸ਼ਾਂ ਨੇ ਇਸ ’ਤੇ ਕੋਈ ਫੈਸਲਾ ਨਹੀਂ ਲਿਆ।





