ਕਰਾਚੀ : ਟੀ-20 ਵਿਸ਼ਵ ਕੱਪ ਵਿਚ ਭਾਰਤ ਖਿਲਾਫ ਹੋਣ ਵਾਲੇ ਗਰੁੱਪ ਲੀਗ ਮੈਚ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਤੋਂ ਬਾਅਦ ਇੰਟਰਨੈਸ਼ਨਲ �ਿਕਟ ਕੌਂਸਲ (ਆਈ ਸੀ ਸੀ) ਨੇ ਪਾਕਿਸਤਾਨ ਨੂੰ ਬਾਈਕਾਟ ਕਰਨ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਆਈ ਸੀ ਸੀ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਸਰਕਾਰ ਨੇ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ ਬਾਕੀ ਮੈਚ ਖੇਡਣ ’ਤੇ ਸਹਿਮਤੀ ਜਤਾ ਦਿੱਤੀ ਹੈ, ਪਰ ਭਾਰਤ ਖਿਲਾਫ ਮੈਚ ਖੇਡਣ ਤੋਂ ਇਨਕਾਰ ਕੀਤਾ ਹੈ, ਜਿਸ ਕਾਰਨ ਪਾਕਿਸਤਾਨ ’ਤੇ ਪਾਬੰਦੀਆਂ ਲਾਉਣ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਇਸ ਫੈਸਲੇ ਤੋਂ ਆਈ ਸੀ ਸੀ ਨਾਰਾਜ਼ ਹੈ।
ਭਾਰਤ ਵਿਰੁੱਧ ਨਾ ਖੇਡਣ ਦੀ ਜਾਣਕਾਰੀ ਪਾਕਿਸਤਾਨ ਸਰਕਾਰ ਨੇ ਪਹਿਲੀ ਫਰਵਰੀ ਦੀ ਰਾਤ ਨੂੰ ਐਕਸ ’ਤੇ ਪੋਸਟ ਪਾ ਕੇ ਨਸ਼ਰ ਕੀਤੀ ਸੀ। ਉਸ ਨੇ ਪੋਸਟ ਵਿੱਚ ਲਿਖਿਆ, ‘ਸਰਕਾਰ… ਪਾਕਿਸਤਾਨ ਕਿ੍ਰਕਟ ਟੀਮ ਨੂੰ ਆਈ ਸੀ ਸੀ ਵਿਸ਼ਵ ਟੀ-20 2026 ਵਿੱਚ ਹਿੱਸਾ ਲੈਣ ਲਈ ਪ੍ਰਵਾਨਗੀ ਦਿੰਦੀ ਹੈ, ਹਾਲਾਂਕਿ ਪਾਕਿਸਤਾਨ ਕਿ੍ਰਕਟ ਟੀਮ 15 ਫਰਵਰੀ ਨੂੰ ਭਾਰਤ ਖਿਲਾਫ ਹੋਣ ਵਾਲੇ ਮੈਚ ਵਿੱਚ ਮੈਦਾਨ ’ਤੇ ਨਹੀਂ ਉਤਰੇਗੀ।’ ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਹੋਣ ਵਾਲੇ ਮੈਚ ਲਈ ਦਰਸ਼ਕ ਖਾਸੇ ਉਤਸ਼ਾਹਤ ਰਹਿੰਦੇ ਹਨ।
ਪਾਕਿਸਤਾਨ ਦੇ ਫੈਸਲੇ ਨੂੰ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਹਟਾਉਣ ਨਾਲ ਜੁੜੇ ਰਾਜਸੀ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਆਈ ਸੀ ਸੀ ਨੇ ਬੰਗਲਾਦੇਸ਼ ਦੀ ਸੁਰੱਖਿਆ ਦੇ ਆਧਾਰ ’ਤੇ ਭਾਰਤ ਤੋਂ ਸ੍ਰੀਲੰਕਾ ਵਿੱਚ ਮੈਚਾਂ ਨੂੰ ਤਬਦੀਲ ਕਰਨ ਦੀ ਅਪੀਲ ਠੁਕਰਾ ਦਿੱਤੀ ਸੀ।
ਪਾਕਿਸਤਾਨ 7 ਫਰਵਰੀ ਨੂੰ ਨੀਦਰਲੈਂਡਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ, ਇਸ ਤੋਂ ਬਾਅਦ 10 ਫਰਵਰੀ ਨੂੰ ਅਮਰੀਕਾ ਅਤੇ 18 ਫਰਵਰੀ ਨੂੰ ਨਾਮੀਬੀਆ ਵਿਰੁੱਧ ਮੈਚ ਹੋਣਗੇ। ਸਾਰੇ ਮੈਚ ਕੋਲੰਬੋ ਦੇ ਵਿੱਚ ਖੇਡੇ ਜਾਣਗੇ। ਆਈ ਸੀ ਸੀ ਵੱਲੋਂ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਪਾਕਿਸਤਾਨ ਨਾਰਾਜ਼ ਹੈ। ਪਾਕਿਸਤਾਨ ਕਿ੍ਰਕਟ ਬੋਰਡ (ਪੀ ਸੀ ਬੀ) ਦੇ ਚੇਅਰਮੈਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਆਈ ਸੀ ਸੀ ਨੇ ਬੰਗਲਾਦੇਸ਼ ਨਾਲ ਮਾੜੀ ਕੀਤੀ ਹੈ। ਪਾਕਿਸਤਾਨ ਨੂੰ ਪਹਿਲਾਂ ਹੀ ਆਈ.ਸੀ.ਸੀ. ਵੱਲੋਂ ਰਿਆਇਤ ਦਿੱਤੀ ਜਾ ਚੁੱਕੀ ਸੀ ਕਿ ਉਹ ਆਪਣੇ ਸਾਰੇ ਲੀਗ ਮੈਚ ਸ੍ਰੀਲੰਕਾ ਵਿੱਚ ਖੇਡੇਗਾ ਤੇ ਭਾਰਤ ਵਿਰੁੱਧ ਹੋਣ ਵਾਲਾ ਮੈਚ ਵੀ ਸ੍ਰੀਲੰਕਾ ਵਿੱਚ ਖੇਡਿਆ ਜਾਵੇਗਾ।
ਆਈ ਸੀ ਸੀ ਦੀਆਂ ਸ਼ਰਤਾਂ ਮੁਤਾਬਕ ਮੈਚ ਦਾ ਬਾਈਕਾਟ ਕਰਨ ਨਾਲ ਪਾਕਿਸਤਾਨ ਦਾ ਆਪਣਾ ਹੀ ਰਨ ਰੇਟ ਖਰਾਬ ਹੋਵੇਗਾ। ਕਲਾਜ਼ 16.10.7 ਵਿੱਚ ਦੱਸਿਆ ਗਿਆ ਹੈ ਕਿ ਅਜਿਹੀ ਸਥਿਤੀ ਵਿੱਚ ਪਾਕਿਸਤਾਨ ਦੀਆਂ 20 ਓਵਰਾਂ ਵਿੱਚ ਸਿਫਰ ਦੌੜਾਂ ਹੀ ਮੰਨੀਆਂ ਜਾਣਗੀਆਂ, ਜਦਕਿ ਭਾਰਤ ਦਾ ਇੱਕ ਵੀ ਓਵਰ ਕਾਊਂਟ ਨਹੀਂ ਹੋਵੇਗਾ। ਇਸ ਕਾਰਨ ਪਾਕਿਸਤਾਨ ਦਾ ਰਨ ਰੇਟ ਬਾਕੀ ਮੈਚ ਜਿੱਤ ਕੇ ਵੀ ਨੈਗੇਟਿਵ ਰਹਿ ਸਕਦਾ ਹੈ।
ਗਰੁੱਪ-ਏ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਨਾਮੀਬੀਆ, ਨੀਦਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਹਨ। ਜੇਕਰ ਪਾਕਿਸਤਾਨ ਬਾਕੀ 3 ਵਿੱਚੋਂ ਇੱਕ ਵੀ ਮੈਚ ਹਾਰ ਗਿਆ ਤਾਂ ਟੀਮ ਗਰੁੱਪ ਸਟੇਜ ਤੋਂ ਹੀ ਬਾਹਰ ਹੋ ਜਾਵੇਗੀ। ਯਾਦ ਰਹੇ ਕਿ ਪਿਛਲੇ ਵਿਸ਼ਵ ਕੱਪ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਗਰੁੱਪ ਸਟੇਜ ਤੋਂ ਬਾਹਰ ਕਰ ਦਿੱਤਾ ਸੀ ਅਤੇ ਨੀਦਰਲੈਂਡ ਵੀ ਆਈ ਸੀ ਸੀ ਟੂਰਨਾਮੈਂਟਾਂ ਵਿੱਚ ਵੱਡੇ ਉਲਟਫੇਰ ਕਰਦੀ ਆਈ ਹੈ।
ਜੇਕਰ ਪਾਕਿਸਤਾਨ ਨੇ ਆਈ ਸੀ ਸੀ ਨੂੰ ਬਾਈਕਾਟ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਉਹ ਪਾਕਿਸਤਾਨ ’ਤੇ ਇਹ ਵਰਲਡ ਕੱਪ ਖੇਡਣ ਦੀ ਪਾਬੰਦੀ ਵੀ ਲਾ ਸਕਦੀ ਹੈ ਪਰ ਇਸ ਦੀ ਸੰਭਾਵਨਾ ਘੱਟ ਹੈ। ਪਾਕਿਸਤਾਨ ਇਸ ਮਾਮਲੇ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਨਹੀਂ ਦੇ ਸਕਦਾ, ਕਿਉਂਕਿ ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੈਚ ਭਾਰਤ ਦੀ ਬਜਾਏ ਸ੍ਰੀਲੰਕਾ ਵਿੱਚ ਖੇਡਣ ਵਾਲੀ ਹੈ। ਜੇਕਰ ਪੀ ਸੀ ਬੀ ਨੇ ਬੰਗਲਾਦੇਸ਼ ਨੂੰ ਸਪੋਰਟ ਕਰਨ ਦਾ ਕਾਰਨ ਦਿੱਤਾ ਤਾਂ ਵੀ ਆਈ ਸੀ ਸੀ ਐਕਸ਼ਨ ਲੈ ਸਕਦੀ ਹੈ ਕਿਉਂਕਿ ਆਈ ਸੀ ਸੀ ਨੇ ਪਹਿਲਾਂ ਹੀ ਪੀ ਸੀ ਬੀ ਨੂੰ ਧਮਕੀ ਦਿੱਤੀ ਸੀ ਕਿ ਜੇ ਬੰਗਲਾਦੇਸ਼ ਨੂੰ ਸਪੋਰਟ ਕੀਤਾ ਤਾਂ ਪਾਕਿਸਤਾਨ ਸੁਪਰ ਲੀਗ (ਪੀ ਐੱਸ ਐੱਲ) ਨੂੰ ‘ਨੋ ਆਬਜੈਕਸ਼ਨ ਸਰਟੀਫਿਕੇਟ’ (ਐੱਨ ਓ ਸੀ) ਨਹੀਂ ਮਿਲੇਗਾ। ਪਾਕਿਸਤਾਨ ਨੇ ਗਰੁੱਪ ਸਟੇਜ ਵਿੱਚ ਤਾਂ ਭਾਰਤ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਬੋਰਡ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੇ ਨਾਕਆਊਟ (ਸੈਮੀਫਾਈਨਲ ਜਾਂ ਫਾਈਨਲ) ਵਿੱਚ ਟੀਮ ਇੰਡੀਆ ਸਾਹਮਣੇ ਆਈ ਤਾਂ ਪਾਕਿਸਤਾਨ ਦੀ ਟੀਮ ਖੇਡੇਗੀ ਜਾਂ ਨਹੀਂ? ਆਈ ਸੀ ਸੀ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਜਵਾਬ ਮੰਗਿਆ ਜਾਵੇਗਾ। ਜੇਕਰ ਕਾਰਨ ਤਸੱਲੀਬਖਸ਼ ਨਾ ਰਿਹਾ ਤਾਂ ਪੀ ਸੀ ਬੀ ’ਤੇ ਸਖਤ ਐਕਸ਼ਨ ਲਿਆ ਜਾਵੇਗਾ।




