‘ਗ਼ੱਦਾਰ ਦੋਸਤ’ ਨੂੰ ਲੈ ਕੇ ਮਚਿਆ ਗ਼ਦਰ

0
8

ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅਮਰੀਕਾ ਨਾਲ ਵਪਾਰ ਸਮਝੌਤਾ ਕਰਨ ਵੇਲੇ ਦੇਸ਼ ਦੇ ਹਿੱਤ ਵੇਚਣ ਦਾ ਦੋਸ਼ ਲਾਉਂਦਿਆਂ ਬੁੱਧਵਾਰ ਸੰਸਦ ਦੇ ਗੇਟ ‘ਤੇ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਤਿੱਖੀ ਤਕਰਾਰ ਹੋ ਗਈ |
ਕਾਂਗਰਸੀ ਸੰਸਦ ਮੈਂਬਰ ਸੰਸਦ ਦੇ ਬਾਹਰ ਹੱਥਾਂ ਵਿੱਚ ਤਖਤੀਆਂ ਫੜ ਕੇ ਇਕੱਠੇ ਹੋਏ ਸਨ | ਇਸ ਦੌਰਾਨ ਜਦੋਂ ਬਿੱਟੂ ਕੋਲੋਂ ਲੰਘੇ, ਤਾਂ ਰਾਹੁਲ ਗਾਂਧੀ ਨੇ ਉਨ੍ਹਾ ਵੱਲ ਇਸ਼ਾਰਾ ਕਰਦਿਆਂ ‘ਗ਼ੱਦਾਰ ਦੋਸਤ’ ਕਹਿ ਦਿੱਤਾ | ਰਾਹੁਲ ਨੇ ਫਿਰ ਵਿਅੰਗਮਈ ਢੰਗ ਨਾਲ ਬਿੱਟੂ ਵੱਲ ਹੱਥ ਵਧਾਇਆ ਅਤੇ ਕਿਹਾ ਕਿ ਉਹ ਆਖਰਕਾਰ ਕਾਂਗਰਸ ਵਿੱਚ ਵਾਪਸ ਆਉਣਗੇ | ਬਿੱਟੂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿੱਚ ਜਵਾਬ ਦਿੰਦਿਆਂ ਰਾਹੁਲ ‘ਤੇ ਦੇਸ਼ ਦੇ ਖਿਲਾਫ ਹੋਣ ਦਾ ਦੋਸ਼ ਲਾਇਆ | ਦੋਵਾਂ ਨੂੰ ਕੁਝ ਦੇਰ ਲਈ ਤਿੱਖੇ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰਦੇ ਦੇਖਿਆ ਗਿਆ | ਇਸ ਜ਼ਬਾਨੀ ਜੰਗ ਨੇ ਪ੍ਰਦਰਸ਼ਨ ਦੇ ਮਾਹੌਲ ਨੂੰ ਹੋਰ ਗਰਮਾ ਦਿੱਤਾ | ਇਹ ਟਕਰਾਅ ਮੰਗਲਵਾਰ ਲੋਕ ਸਭਾ ਵਿੱਚ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਅੱਠ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਹੋਇਆ |
ਇਸੇ ਦੌਰਾਨ ਰਾਹੁਲ ਦੀ ਬਿੱਟੂ ਬਾਰੇ ਟਿੱਪਣੀ ਨੇ ਇੱਕ ਵੱਡਾ ਸਿਆਸੀ ਹੰਗਾਮਾ ਖੜ੍ਹਾ ਕਰ ਦਿੱਤਾ ਹੈ | ਸੱਤਾਧਾਰੀ ਭਾਜਪਾ ਨੇ ਰਾਹੁਲ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਨੇ ਇੱਕ ਸੰਸਦ ਮੈਂਬਰ ਅਤੇ ਸਤਿਕਾਰਤ ਸਿੱਖ ਆਗੂ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ‘ਗ਼ੱਦਾਰ’ ਕਹਿ ਕੇ ਸੰਬੋਧਨ ਕੀਤਾ, ਉਸ ਨੇ ਸੱਭਿਅਤਾ, ਸ਼ਾਲੀਨਤਾ ਅਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਪੁਰੀ ਨੇ ਕਿਹਾ, ”ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਦਿਸ਼ਾਹੀਣ ਕਾਂਗਰਸ ਨਾਲੋਂ ਮੋਦੀ ਸਰਕਾਰ ਦੀਆਂ ਵਿਕਾਸ ਨੀਤੀਆਂ ਨੂੰ ਚੁਣਨ ਲਈ ਬਿੱਟੂ ਜੀ ਵਿਰੁੱਧ ਡੂੰਘੀ ਨਫਰਤ ਰੱਖਦੇ ਹੋਣ, ਪਰ ਇਹ ਇੱਕ ਮਾਣਮੱਤੇ ਸਿੱਖ ਵਿਰੁੱਧ ਅਜਿਹੀ ਭੱਦੀ ਟਿੱਪਣੀ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾ ਸਕਦਾ, ਜਿਸ ਦੇ ਆਪਣੇ ਦਾਦਾ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਸਨ | ਕਿਸੇ ਨੂੰ ‘ਗ਼ੱਦਾਰ ਦੋਸਤ’ ਕਹਿਣ ਦਾ ਮਤਲਬ ਹੈ ਕਿ ਉਸ ਨੇ ਆਪਣੇ ਦੇਸ਼ ਨਾਲ ਧੋਖਾ ਕੀਤਾ ਹੈ | ਰਾਹੁਲ ਦੇ ਕਈ ਦੋਸਤ ਗ਼ੱਦਾਰ ਹੋ ਸਕਦੇ ਹਨ, ਪਰ ਸ੍ਰੀ ਬਿੱਟੂ ਨਿਸਚਿਤ ਤੌਰ ‘ਤੇ ਉਨ੍ਹਾਂ ਵਿੱਚੋਂ ਇੱਕ ਨਹੀਂ ਹਨ |” ਉਨ੍ਹਾ ਕਿਹਾ ਕਿ ਇੱਕ ਉੱਘੇ ਸਿੱਖ ਨੂੰ ਬਿਨਾਂ ਕਿਸੇ ਅਧਾਰ ਦੇ ਗ਼ੱਦਾਰ ਕਹਿਣਾ ਪੂਰੀ ਸਿੱਖ ਕੌਮ ‘ਤੇ ਕਲੰਕ ਹੈ | ਪੁਰੀ ਨੇ ਅੱਗੇ ਕਿਹਾ, ‘ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਪਹਿਲਾਂ ਉਨ੍ਹਾ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਪਤਾ ਹੋਣਾ ਚਾਹੀਦਾ ਸੀ | ਉਨ੍ਹਾ ਨੂੰ ਉਸ ਦੇਸ਼ ਪ੍ਰੇਮ ਬਾਰੇ ਪਤਾ ਹੋਣਾ ਚਾਹੀਦਾ ਸੀ, ਜੋ ਸਿੱਖ ਧਰਮ ਹਰ ਸਿੱਖ ਨੂੰ ਸਿਖਾਉਂਦਾ ਹੈ ਅਤੇ ਉਸ ਬਹਾਦਰੀ ਬਾਰੇ ਵੀ, ਜਿਸ ਨਾਲ ਸਿੱਖ ਭਾਰਤ ਮਾਤਾ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਹਥਿਆਰਬੰਦ ਸੈਨਾਵਾਂ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਕਰਦੇ ਹਨ |’
ਪੁਰੀ ਨੇ ਕਿਹਾ ਕਿ ਰਾਹੁਲ ਦੀ ਟਿੱਪਣੀ ਹਰ ਸਿੱਖ ਲਈ ਇੱਕ ਅਪਮਾਨ ਹੈ ਅਤੇ ਇਹ ਹਰ ਖੇਤਰ ਵਿੱਚ ਸਿੱਖਾਂ ਦੇ ਯੋਗਦਾਨ ਦਾ ਨਿਰਾਦਰ ਹੈ | ਇਹ ਸਾਡੇ ਵਿਸ਼ਵਾਸ, ਮਾਤ ਭੂਮੀ ਲਈ ਸਾਡੇ ਪਿਆਰ ਅਤੇ ਬਿੱਟੂ ਦੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਦਾ ਅਪਮਾਨ ਹੈ | ਉਨ੍ਹਾ ਕਿਹਾ ਕਿ ਸਾਨੂੰ ਉਸੇ ਮਾਨਸਿਕਤਾ ਨਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ |
ਦਿੱਲੀ ਦੇ ਸੀਨੀਅਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਸਪੀਕਰ ਤੋਂ ਰਾਹੁਲ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ, ‘ਗਾਂਧੀ ਪਰਵਾਰ ਅਸਲੀ ਗ਼ੱਦਾਰ ਹੈ, ਜਿਸ ਤਰ੍ਹਾਂ ਉਨ੍ਹਾਂ ਦਰਬਾਰ ਸਾਹਿਬ ‘ਤੇ ਬੰਬਾਰੀ ਕੀਤੀ ਅਤੇ ਜਿਸ ਤਰ੍ਹਾਂ ਉਨ੍ਹਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਮਾਰਿਆ | ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ, ਜੋ 1984 ਵਿੱਚ ਦਿਖਾਈ ਦਿੱਤੀ ਸੀ, ਉਹ ਅੱਜ ਵੀ ਬਰਕਰਾਰ ਹੈ |’
ਇਸ ਤੋਂ ਪਹਿਲਾਂ ਬਿੱਟੂ ਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾ ਨੂੰ ਗ਼ੱਦਾਰ ਕਿਹਾ ਅਤੇ ਫਿਰ ਹੱਥ ਮਿਲਾਉਣ ਲਈ ਹੱਥ ਵਧਾਇਆ | ਬਿੱਟੂ ਨੇ ਕਿਹਾ, ‘ਉਹ ਰਾਜਿਆਂ ਵਾਂਗ ਵਿਹਾਰ ਕਰਦੇ ਹਨ, ਜਿਵੇਂ ਦੁਨੀਆ ਉਨ੍ਹਾ ਦੀ ਹੋਵੇ, ਪਰ ਇਹ ਇੱਕ ਸਰਦਾਰ ਦਾ ਹੱਥ ਹੈ, ਜੋ ਅਜਿਹੇ ਲੋਕਾਂ ਲਈ ਕਦੇ ਨਹੀਂ ਵਧੇਗਾ, ਜਿਨ੍ਹਾਂ 1984 ਵਿੱਚ ਸਿੱਖਾਂ ਦਾ ਕਤਲ ਕੀਤਾ, ਜਿਨ੍ਹਾਂ ਸਾਡੇ ਪਵਿੱਤਰ ਅਸਥਾਨ ‘ਤੇ ਟੈਂਕ ਭੇਜੇ ਅਤੇ ਉਸ ਦੀ ਬੇਅਦਬੀ ਕੀਤੀ |’
ਬਿੱਟੂ ਨੇ ਕਿਹਾ ਕਿ ਜਦੋਂ ਤੱਕ ਉਹ ਕਾਂਗਰਸ ਵਿੱਚ ਸਨ, ਰਾਹੁਲ ਨੂੰ ਉਨ੍ਹਾ ਨਾਲ ਕੋਈ ਸਮੱਸਿਆ ਨਹੀਂ ਸੀ, ਪਰ ਕਿਉਂਕਿ ਉਹ ਹੁਣ ਭਾਜਪਾ ਵਿੱਚ ਹਨ, ਉਹ ਗ਼ੱਦਾਰ ਬਣ ਗਏ | ਉਨ੍ਹਾ ਕਿਹਾ, ‘ਸੱਚਾਈ ਇਹ ਹੈ ਕਿ ਮੇਰੇ ਦਾਦਾ ਜੀ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ ਅਤੇ ਇਸ ਲਈ ਜਦੋਂ ਵੀ ਰਾਜੀਵ ਗਾਂਧੀ ਦਾ ਨਾਂਅ ਲਿਆ ਜਾਂਦਾ ਹੈ ਤਾਂ ਉਨ੍ਹਾ ਦਾ ਨਾਂਅ ਵੀ ਲੈਣਾ ਪੈਂਦਾ ਹੈ ਅਤੇ ਇਹੀ ਉਨ੍ਹਾਂ ਦੀ ਸਮੱਸਿਆ ਹੈ |’