ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਵੀਰਵਾਰ ਆਪਣੇ ਜਨਵਰੀ 2017 ਦੇ ਹੁਕਮਾਂ ਵਿੱਚ ਸੋਧ ਕਰਦਿਆਂ ਕਿਹਾ ਕਿ ਉਹ ਹੁਣ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਕਿ੍ਕਟ ਬੋਰਡ ਦੇ ਮਾਮਲਿਆਂ ਵਿੱਚ ਹਿੱਸਾ ਲੈਣ ਲਈ ਆਜ਼ਾਦ ਹੋਣਗੇ | ਜਨਵਰੀ 2017 ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੇ ਠਾਕੁਰ ਨੂੰ ਭਾਰਤੀ ਕਿ੍ਕਟ ਕੰਟਰੋਲ ਬੋਰਡ ਦੇ ਕੰਮਕਾਜ ਨਾਲ ਜੁੜਨ ਤੋਂ ਰੁਕਣ ਅਤੇ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ਸੀ | ਹੁਣ ਚੀਫ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਨੇ ਅਨੁਰਾਗ ਠਾਕੁਰ ਵੱਲੋਂ ਦਾਇਰ ਸੋਧ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ‘ਅਨੁਪਾਤਕਤਾ ਦੇ ਸਿਧਾਂਤ’ ਨੂੰ ਲਾਗੂ ਕੀਤਾ ਅਤੇ 2017 ਦੇ ਹੁਕਮਾਂ ਨੂੰ ਬਦਲ ਦਿੱਤਾ |
ਅਦਾਲਤ ਨੇ ਇਸ ਗੱਲ ‘ਤੇ ਗੌਰ ਕੀਤਾ ਕਿ ਠਾਕੁਰ ਨੇ ਉਸ ਸਮੇਂ ਬਿਨਾਂ ਕਿਸੇ ਸ਼ਰਤ ਦੇ ਮੁਆਫੀ ਮੰਗ ਲਈ ਸੀ | ਦੱਸਣਯੋਗ ਹੈ ਕਿ 2 ਜਨਵਰੀ 2017 ਨੂੰ ਸੁਪਰੀਮ ਕੋਰਟ ਨੇ ਬੀ ਸੀ ਸੀ ਆਈ ਦੀ ਖੁਦਮੁਖਤਿਆਰੀ ਦੇ ਮੁੱਦੇ ‘ਤੇ ਤੱਤਕਾਲੀ ਆਈ ਸੀ ਸੀ (ਆਈ ਸੀ ਸੀ) ਚੇਅਰਮੈਨ ਸ਼ਸ਼ਾਂਕ ਮਨੋਹਰ ਨੂੰ ਲਿਖੇ ਗਏ ਪੱਤਰ ਬਾਰੇ ਝੂਠਾ ਹਲਫਨਾਮਾ ਦਾਇਰ ਕਰਨ ‘ਤੇ ਠਾਕੁਰ ਵਿਰੁੱਧ ਅਦਾਲਤ ਦੀ ਮਾਣਹਾਨੀ ਅਤੇ ਝੂਠੀ ਗਵਾਹੀ ਦੀ ਕਾਰਵਾਈ ਸ਼ੁਰੂ ਕੀਤੀ ਸੀ | ਬਾਅਦ ਵਿੱਚ 14 ਜੁਲਾਈ 2017 ਨੂੰ ਸੁਪਰੀਮ ਕੋਰਟ ਨੇ ਨਿੱਜੀ ਤੌਰ ‘ਤੇ ਮੰਗੀ ਗਈ ਬਿਨਾਂ ਸ਼ਰਤ ਮੁਆਫੀ ਤੋਂ ਬਾਅਦ ਉਨ੍ਹਾ ਵਿਰੁੱਧ ਇਹ ਕਾਰਵਾਈ ਖਤਮ ਕਰਦਿਆਂ ਰਾਹਤ ਦਿੱਤੀ ਸੀ |




