ਮਾਸਕੋ : ਰੂਸ ਦੇ ਬਸ਼ਕੋਰਤੋਸਤਾਨ ਗਣਰਾਜ ਦੀ ਇੱਕ ਯੂਨੀਵਰਸਿਟੀ ਵਿੱਚ ਸਨਿੱਚਰਵਾਰ ਚਾਕੂ ਨਾਲ ਕੀਤੇ ਇੱਕ ਹਮਲੇ ਵਿੱਚ ਘੱਟੋ-ਘੱਟ ਛੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਚਾਰ ਭਾਰਤੀ ਵਿਦਿਆਰਥੀ ਹਨ। ਭਾਰਤੀ ਮਿਸ਼ਨ ਮੁਤਾਬਕ ਮੁਢਲੀਆਂ ਰਿਪੋਰਟਾਂ ਅਨੁਸਾਰ ਚਾਕੂ ਨਾਲ ਲੈਸ ਇੱਕ ਨੌਜਵਾਨ ਉਫਾ ਵਿੱਚ ਸਥਿਤ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਦਾਖਲ ਹੋਇਆ ਤੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ, ਜਿਸ ਦੌਰਾਨ ਦੋ ਪੁਲਸ ਅਧਿਕਾਰੀਆਂ ਨੂੰ ਚਾਕੂ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਨੂੰ ਵੀ ਸਰੀਰਕ ਨੁਕਸਾਨ ਪਹੁੰਚਾਇਆ। ਕਾਜ਼ਾਨ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਜ਼ਖਮੀ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਫਾ ਗਏ ਹਨ।
ਰੂਸੀ ਸੰਘੀ ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਖਮੀ ਚਾਰ ਲੋਕਾਂ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ, ਜਦਕਿ ਤਿੰਨ ਹੋਰਨਾਂ ਦੀ ਹਾਲਤ ਸਥਿਰ ਹੈ।
ਬਾਜ਼ਾ ਚੈਨਲ ਨੇ ਦਾਅਵਾ ਕੀਤਾ ਕਿ 15 ਸਾਲਾ ਹਮਲਾਵਰ ਇੱਕ ਪਾਬੰਦੀਸ਼ੁਦਾ ਨਵ-ਨਾਜ਼ੀ ਸੰਗਠਨ ਨਾਲ ਸੰਬੰਧਤ ਹੈ। ਹਮਲੇ ਦੇ ਜਨੂੰਨ ਦੌਰਾਨ ਉਹ ਹੋਲੋਕਾਸਟ ਬਾਰੇ ਰਾਸ਼ਟਰਵਾਦੀ ਨਾਅਰੇਬਾਜ਼ੀ ਕਰ ਰਿਹਾ ਸੀ। ਇਸ ਦੇ ਨਾਲ ਹੀ ਪੀੜਤਾਂ ਦੇ ਖੂਨ ਨਾਲ ਕੰਧ ‘ਤੇ ਬਣਾਏ ਗਏ ਸਵਾਸਤਿਕ ਦੀ ਫੋਟੋ ਵੀ ਸਾਂਝੀ ਕੀਤੀ।





