ਅਫਵਾਹਬਾਜ਼ਾਂ ਨਾਲ ਸਖਤੀ ਕਰਾਂਗੇ : ਡੀ ਜੀ ਪੀ
ਚੰਡੀਗੜ੍ਹ : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀਆਂ ਉਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ‘ਇੱਕ ਲੱਖ ਮੁੰਡਾ ਮਾਰਿਆ’ ਜਾਵੇਗਾ। ਡੀ ਜੀ ਪੀ ਨੇ ਸਪੱਸ਼ਟ ਕੀਤਾ ਕਿ ਇਹ ਸਭ ‘ਫੇਕ ਨਿਊਜ਼’ ਹੈ ਅਤੇ ਲੋਕਾਂ ਨੂੰ ਅਜਿਹੀਆਂ ਗੁੰਮਰਾਹਕੁੰਨ ਗੱਲਾਂ ਤੋਂ ਬਚਣਾ ਚਾਹੀਦਾ ਹੈ। ਡੀ ਜੀ ਪੀ ਨੇ ਕਿਹਾ ਕਿ ਪੰਜਾਬ ਦਾ ਅਮਨ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾ ਚੇਤਾਵਨੀ ਦਿੱਤੀ ਕਿ ਅਜਿਹੀਆਂ ਫਰਜ਼ੀ ਖਬਰਾਂ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਡੀ ਜੀ ਪੀ ਨੇ ਦੱਸਿਆ ਕਿ ਪੰਜਾਬ ਪੁਲਸ ਸੋਮਵਾਰ ਤੋਂ ਮੁੜ ‘ਅਪ੍ਰੇਸ਼ਨ ਪ੍ਰਹਾਰ’ ਸ਼ੁਰੂ ਕਰਨ ਜਾ ਰਹੀ ਹੈ। ਇਹ ਮੁਹਿੰਮ ਲਗਾਤਾਰ 72 ਘੰਟਿਆਂ ਲਈ ਚਲਾਈ ਜਾਵੇਗੀ। ਇਸ ਦਾ ਮਕਸਦ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨਾ, ਬਦਮਾਸ਼ਾਂ ਦੀ ਗ੍ਰਿਫਤਾਰੀ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਯਾਦਵ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਚਲਾਏ ਗਏ ਅਪ੍ਰੇਸ਼ਨ ਪ੍ਰਹਾਰ ਦੇ ਬਹੁਤ ਹੀ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਤਹਿਤ ਕਈ ਵੱਡੇ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ। ਉਨ੍ਹਾ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਪੁਲਸ ਕਿਸੇ ਵੀ ਗੈਂਗਸਟਰ ਨੂੰ ਸਿਰ ਚੁੱਕਣ ਨਹੀਂ ਦੇਵੇਗੀ।





