ਮਨੁੱਖੀ ਤਸਕਰੀ ਲਈ ਮੁੰਬਈ ਹਵਾਈ ਅੱਡਾ ਬਣਿਆ ਪਹਿਲੀ ਪਸੰਦ : ਸੀਚੇਵਾਲ

0
13

ਨਵੀਂ ਦਿਲੀ – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਮਨੁੱਖੀ ਤਸਕਰੀ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਦਾ ਗੰਭੀਰ ਮਸਲਾ ਉਠਾਇਆ| ਉਨ੍ਹਾਂ ਸਦਨ ਦਾ ਧਿਆਨ ਇਸ ਵੱਲ ਦਿਵਾਇਆ ਕਿ ਇਕ ਪਾਸੇ ਖਾੜੀ ਦੇਸ਼ਾਂ ਵਿਚ ਭਾਰਤੀ ਧੀਆਂ ਦਾ ਸ਼ੋਸ਼ਣ ਹੋ ਰਿਹਾ ਹੈ, ਜਦ ਕਿ ਦੂਜੇ ਪਾਸੇ ਰੂਸ-ਯੂਕਰੇਨ ਜੰਗ ਦੇ ਮੈਦਾਨਾਂ ਵਿਚ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਜੰਗ ਵੱਲ ਧੱਕਿਆ ਜਾ ਰਿਹਾ ਹੈ| ਸੰਤ ਸੀਚੇਵਾਲ ਨੇ ਕਿਹਾ ਕਿ ਟਰੈਵਲ ਏਜੰਟਾਂ ਦੇ ਗਿਰੋਹ ਗਰੀਬੀ, ਬੇਰੋਜ਼ਗਾਰੀ ਅਤੇ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਅਣਵਿਆਹੀਆਂ ਲੜਕੀਆਂ ਅਤੇ ਗਰੀਬ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ| ਉਨ੍ਹਾਂ ਨੂੰ ਉੱਚੀਆਂ ਤਨਖਾਹਾਂ ਅਤੇ ਘਰੇਲੂ ਨੌਕਰੀਆਂ ਦੇ ਝੂਠੇ ਵਾਅਦੇ ਕਰਕੇ ਖਾੜੀ ਦੇਸ਼ਾਂ ਵਿਚ ਭੇਜਿਆ ਜਾਂਦਾ ਹੈ| ਉੱਥੇ ਪਹੁੰਚਣ ਉਪਰੰਤ ਪੀੜਤਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਂਦੇ ਹਨ, ਅਰਬੀ ਭਾਸ਼ਾ ਵਿਚ ਲਿਖੇ ਇਕਰਾਰਨਾਮਿਆਂ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨਾਲ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ| ਬਹੁਤੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ ਅਤੇ ਪਰਿਵਾਰ ਨਾਲ ਸੰਪਰਕ ਵੀ ਤੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਗੁਲਾਮੀ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਜਾਂਦੀਆਂ ਹਨ| ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਲਈ ਮੁੰਬਈ ਹਵਾਈ ਅੱਡਾ ਟਰੈਵਲ ਏਜੰਟਾਂ ਲਈ ‘ਪਹਿਲੀ ਪਸੰਦ’ ਬਣ ਰਿਹਾ ਹੈ | ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਓਮਾਨ ਵਿੱਚ ਭਾਰਤੀ ਦੂਤਾਵਾਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਨਾਲ 135 ਭਾਰਤੀ ਲੜਕੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ| ਇਸ ਦੇ ਬਾਵਜੂਦ ਉਨ੍ਹਾਂ ਸਵਾਲ ਉਠਾਇਆ ਕਿ ਆਖ਼ਰ ਮਨੁੱਖੀ ਤਸਕਰੀ ਦਾ ਇਹ ਘਿਨੌਣਾ ਧੰਦਾ ਕਦੋਂ ਰੁਕੇਗਾ|