ਨਾਗਪੁਰ : ਮਹਾਰਾਸ਼ਟਰ ਬੋਰਡ ਦੁਆਰਾ ਲਈ ਜਾ ਰਹੀ ਪ੍ਰੀਖਿਆ ਤੋਂ ਪਹਿਲਾਂ ਨਾਗਪੁਰ ਵਿੱਚ 12ਵੀਂ ਜਮਾਤ ਦਾ ਕੈਮਿਸਟਰੀ (ਰਸਾਇਣ ਵਿਗਿਆਨ) ਦਾ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਪੇਪਰ ਲੀਕ ਹੋਣ ਦੇ ਖਦਸ਼ੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਸਨਿੱਚਰਵਾਰ ਇਹ ਜਾਣਕਾਰੀ ਦਿੱਤੀ। ਪ੍ਰੀਖਿਆ ਵਿੱਚ ਧਾਂਦਲੀ ਦਾ ਇਹ ਮਾਮਲਾ ਬੁੱਧਵਾਰ ਇੱਕ ਹਾਈ ਸਕੂਲ ਪ੍ਰੀਖਿਆ ਕੇਂਦਰ ਵਿੱਚ ਉਸ ਸਮੇਂ ਸਾਹਮਣੇ ਆਇਆ, ਜਦੋਂ ਇੱਕ ਵਿਦਿਆਰਥਣ ਦੇ ਵਾਰ-ਵਾਰ ਵਾਸ਼ਰੂਮ ਜਾਣ ਨਾਲ ਸ਼ੱਕ ਪੈਦਾ ਹੋਇਆ। ਨਿਗਰਾਨਾਂ ਨੇ ਵਿਦਿਆਰਥਣ ਦਾ ਸਮਾਰਟ ਫੋਨ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਟਸਐਪ ਗਰੁੱਪ ਵਿੱਚ ਪ੍ਰਸ਼ਨ ਪੱਤਰ ਸਾਂਝਾ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਉਸੇ ਗਰੁੱਪ ਵਿੱਚ ਸੰਭਾਵਿਤ ਜਵਾਬਾਂ ਦਾ ਵੀ ਆਦਾਨ-ਪ੍ਰਦਾਨ ਕੀਤਾ ਗਿਆ ਸੀ। ਵਿਦਿਆਰਥਣ ਦੇ ਬਿਆਨ ਦੇ ਆਧਾਰ ’ਤੇ ਇਕ ਹੋਰ ਵਿਦਿਆਰਥੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

