ਦਿੱਲੀ ਦੇ ਰੇਸ ਕੋਰਸ ਏਰੀਏ ਵਿੱਚ ਭਾਰਤ ਦੇ ਹੁਕਮਰਾਨ ਵਰਗ ਦੇ ਸਭ ਤੋਂ ਤਕੜੇ ਲੋਕਾਂ ਦਾ ਵਾਸਾ ਹੈ। ਤੁਸੀਂ ਜਿਉ ਹੀ ਲੋਕ ਕਲਿਆਣ ਮਾਰਗ ਮੈਟਰੋ ਤੋਂ ਬਾਹਰ ਨਿਕਲਦੇ ਹੋ, ਚੌਹੀਂ ਪਾਸੀਂ ਕਮਾਂਡੋ ਫੋਰਸ, ਪੈਰ-ਪੈਰ ’ਤੇ ਸੁਰੱਖਿਆ ਬਲਾਂ ਦੇ ਕੈਂਪ ਤੇ ਸਾਇਰਨ ਵਜਾਉਦੀਆਂ ਦੌੜਦੀਆਂ ਗੱਡੀਆਂ ਦੇਖ ਕੇ ਸਮਝ ਜਾਂਦੇ ਹੋ ਕਿ ਅਜਿਹੀ ਥਾਂ ਆ ਗਏ ਹੋ, ਜਿੱਥੇ ਇੰਡੀਆ ਦੇ ਆਧੁਨਿਕ ਸ਼ਹਿਨਸ਼ਾਹ, ਫੌਜੀ ਅਧਿਕਾਰੀ, ਜੱਜ, ਨੌਕਰਸ਼ਾਹ, ਮੰਤਰੀ-ਸੰਤਰੀ ਰਹਿੰਦੇ ਹਨ। ਇਨ੍ਹਾਂ ਸਭ ਦੇ ਵਿਚਾਲੇ ਸਲੱਮ ਕਹੀਆਂ ਜਾਣ ਵਾਲੀਆਂ ਤਿੰਨ ਬਸਤੀਆਂਭਾਈ ਰਾਮ ਕੈਂਪ, ਮਸਜਿਦ ਕੈਂਪ ਤੇ ਡੀ ਆਈ ਡੀ ਕੈਂਪ ਵੀ ਹਨ, ਜਿਨ੍ਹਾਂ ਦੇ ਵਾਸੀਆਂ ਨੂੰ ਇਹ ਹੁਕਮ ਦੇ ਦਿੱਤਾ ਗਿਆ ਹੈ ਕਿ ਉਹ 6 ਮਾਰਚ ਤੱਕ ਘਰਾਂ ਨੂੰ ਛੱਡ ਕੇ ਚਲੇ ਜਾਣ, ਨਹੀਂ ਤਾਂ ਬੁਲਡੋਜ਼ਰ ਚਲਾ ਦਿੱਤਾ ਜਾਵੇਗਾ। ਇਨ੍ਹਾਂ ਬਸਤੀਆਂ ਵਿੱਚ ਘੱਟੋ-ਘੱਟ ਇੱਕ ਹਜ਼ਾਰ ਪਰਵਾਰ, ਯਾਨੀ ਕਿ ਕਰੀਬ ਪੰਜ ਹਜ਼ਾਰ ਲੋਕ ਰਹਿੰਦੇ ਹਨ।
ਆਮ ਤੌਰ ’ਤੇ ਲੋਕਾਂ ਦੇ ਦਿਮਾਗ ਵਿੱਚ ਸਲੱਮ (ਝੁੱਗੀ-ਝੌਂਪੜੀ) ਦਾ ਜਿਹੜਾ ਚਿੱਤਰ ਹੁੰਦਾ ਹੈ, ਉਸ ਵਿੱਚ ਪੱਕੇ ਮਕਾਨ, ਬਿਜਲੀ, ਪਾਣੀ, ਸੀ ਸੀ ਟੀ ਵੀ ਕੈਮਰੇ ਤੇ ਪੱਕੀਆਂ ਨਾਲੀਆਂ ਨਹੀਂ ਹੁੰਦੀਆਂ, ਪਰ ਇਨ੍ਹਾਂ ਬਸਤੀਆਂ ਦੇ ਬਹੁਤੇ ਘਰ ਪੱਕੇ, ਬਿਜਲੀ ਮੀਟਰ, ਪਾਣੀ ਦੀਆਂ ਟੂਟੀਆਂ, ਪੱਕੀਆਂ ਗਲੀਆਂ, ਸੀ ਸੀ ਟੀ ਵੀ ਕੈਮਰਿਆਂ ਵਾਲੇ ਹਨ। ਤਿੰਨੋਂ ਬਸਤੀਆਂ ਦੇਸ਼ ਦੀ ਵੰਡ ਤੋਂ ਪਹਿਲਾਂ ਕਰੀਬ 1940 ਦੇ ਆਸ-ਪਾਸ ਦੀਆਂ ਹਨ। ਉਦੋਂ ਹੀ ਇੱਥੇ ਰੇਸ ਕੋਰਸ ਦੀ ਸਥਾਪਨਾ ਹੋਈ ਸੀ, ਜਿੱਥੇ ਰਈਸ ਲੋਕ ਘੋੜੇ ਦੁੜਾਉਦੇ ਅਤੇ ਉਨ੍ਹਾਂ ’ਤੇ ਦਾਅ ਲਾਉਦੇ ਹਨ। ਹੁਣ ਰਾਜਿਆਂ-ਨਵਾਬਾਂ ਦੀ ਥਾਂ ਨਵੇਂ ਕਾਰੋਬਾਰੀਆਂ-ਪੂੰਜੀਪਤੀਆਂ ਨੇ ਲੈ ਲਈ ਹੈ।
ਭਾਈ ਰਾਮ ਕੈਂਪ ਵਿੱਚ ਕਰੀਬ 500 ਘਰ ਹਨ ਅਤੇ 70 ਫੀਸਦੀ ਹਿੰਦੂ ਤੇ ਕਰੀਬ 30 ਫੀਸਦੀ ਮੁਸਲਮ ਵਸਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪੱਛੜੇ ਹਨ। ਮਸਜਿਦ ਕੈਂਪ ਵਿੱਚ ਕਰੀਬ 100 ਘਰ ਹਨ ਅਤੇ 70 ਫੀਸਦੀ ਮੁਸਲਮ ਤੇ 30 ਫੀਸਦੀ ਹਿੰਦੂ ਵਸਦੇ ਹਨ। ਇਨ੍ਹਾਂ ਵਿੱਚ ਨਿਮਨ ਮੱਧ ਵਰਗੀ ਤੇ ਕੁਝ ਮੱਧ ਵਰਗੀ ਹਨ। ਇਨ੍ਹਾਂ ਦੋਹਾਂ ਬਸਤੀਆਂ ਦੇ ਕਰੀਬ ਇੱਕ-ਤਿਹਾਈ ਪਰਵਾਰਾਂ ਦੇ ਬੱਚੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੁਝ ਇੱਕ ਲੱਖ ਰੁਪਏ ਸਾਲਾਨਾ ਫੀਸ ਵੀ ਦਿੰਦੇ ਹਨ। ਬਹੁਤੇ ਲੋਕਾਂ ਕੋਲ ਵਾਹਨ ਹਨ। ਘਰਾਂ ਵਿੱਚ ਟੀ ਵੀ, ਫਰਿੱਜ ਤੇ ਵਾਸ਼ਿੰਗ ਮਸ਼ੀਨਾਂ ਹਨ। ਇਨ੍ਹਾਂ ਬਸਤੀਆਂ ਵਿੱਚ ਕੁਪੋਸ਼ਣ ਦੇ ਚਿੰਨ੍ਹ ਨਹੀਂ ਨਜ਼ਰ ਆਉਦੇ। ਸਭ ਕੋਲ ਵੋਟਰ ਕਾਰਡ, ਆਧਾਰ ਕਾਰਡ, ਪਛਾਣ-ਪੱਤਰ, ਰਾਸ਼ਨ ਕਾਰਡ ਤੇ ਬਿਜਲੀ ਦੇ ਬਿੱਲ ਹਨ। ਮਕਾਨਾਂ ’ਤੇ ਬਾਕਾਇਦਾ ਨੰਬਰ ਲੱਗੇ ਹੋਏ ਹਨ। ਇਹ ਬਸਤੀਆਂ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਆਉਦੀਆਂ ਹਨ, ਜਿੱਥੋਂ ਚੁਣ ਹੋ ਕੇ ਸ਼ੀਲਾ ਦੀਕਸ਼ਤ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ, ਪਰ ਉਹ ਤਿੰਨਾਂ ਕਾਲੋਨੀਆਂ ਨੂੰ ਸਥਾਈ ਨਿਵਾਸ ਸਥਾਨ ਦਾ ਦਰਜਾ ਨਹੀਂ ਦੇ ਸਕੇ, ਕਿਉਕਿ ਇਸ ਜ਼ਮੀਨ ’ਤੇ ਕੇਂਦਰ ਸਰਕਾਰ ਦੀ ਦਾਅਵੇਦਾਰੀ ਹੈ। ਕੇਂਦਰ ਦੇ ਸ਼ਹਿਰੀ ਆਵਾਸ ਤੇ ਵਿਕਾਸ ਮੰਤਰਾਲੇ ਨੇ ਹੀ ਉਜਾੜੇ ਦਾ ਹੁਕਮ ਦਿੱਤਾ ਹੈ। ਲੋਕ ਸਭਾ ਚੋਣਾਂ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਅਰਾ ਦਿੱਤਾ ਸੀਜਹਾਂ ਝੁੱਗੀ ਵਹੀਂ ਮਕਾਨ। ਇੱਥੋਂ ਦੇ ਲੋਕਾਂ ਨੇ ਇਸ ’ਤੇ ਭਰੋਸਾ ਕਰਕੇ ਭਾਜਪਾ ਜਿਤਾ ਦਿੱਤੀ। ਹਾਲਾਂਕਿ ਇਹ ਹੁਣ ਪਛਤਾ ਰਹੇ ਹਨ, ਪਰ ‘ਅਬ ਪਛਤਾਏ ਹੋਤ ਕਯਾ, ਜਬ ਚਿੜੀਆ ਚੁਗ ਗਈ ਖੇਤ’। ਇਨ੍ਹਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਆਜ਼ਾਦੀ ਤੋਂ ਬਾਅਦ ਮੋਦੀ ਜਿਹੜਾ ਅੰਮਿ੍ਰਤ ਕਾਲ ਲੈ ਕੇ ਆਏ ਹਨ, ਉਹ ਉਨ੍ਹਾਂ ਲਈ ਜ਼ਹਿਰ ਲੈ ਕੇ ਆਇਆ ਹੈ। ਇਸ ਅੰਮਿ੍ਰਤ ਕਾਲ ਵਿੱਚ ਦਿੱਲੀ ਦੇ ਸਭ ਤੋਂ ਆਲੀਸ਼ਾਨ ਹਿੱਸੇ ਵਿੱਚ ਉਨ੍ਹਾਂ ਦਾ ਰਹਿਣਾ ਦਿੱਲੀ ਦੀ ਸ਼ਾਨੋ-ਸ਼ੌਕਤ ਦੇ ਖਿਲਾਫ ਹੈ। ਇਹ ਉਸ ਇਲਾਕੇ ਵਿੱਚ ਰਹਿ ਰਹੇ ਵੱਡੇ ਲੋਕਾਂ ਦੀ ਤੌਹੀਨ ਹੈ। ਜਿੱਥੇ ਉਹ ਰਹਿੰਦੇ ਹਨ ਉਹ ਜ਼ਮੀਨ ਅਰਬਾਂ ਨਹੀਂ, ਖਰਬਾਂ ਦੀ ਹੈ। ਇੱਥੇ ਵਿਕਸਤ ਭਾਰਤ ਦੇ ਆਲੀਸ਼ਾਨ ਫਲੈਟ, ਮਾਲ, ਕਲੱਬ ਤੇ ਗੋਲਫ ਸੈਂਟਰ ਬਣਨੇ ਹਨ। ਵਿਕਸਤ ਭਾਰਤ ਤੇ ਖੂਬਸੂਰਤ ਦਿੱਲੀ ਲਈ ਉਨ੍ਹਾਂ ਨੂੰ ਕੁਰਬਾਨੀ ਦੇਣੀ ਪੈਣੀ ਹੈ। ਇਹੀ ਦੇਸ਼ ਹਿੱਤ, ਰਾਸ਼ਟਰ ਹਿੱਤ ਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਹੋਵੇਗਾ। ਜੇ ਉਹ ਜ਼ਿਦ ਕਰਨਗੇ ਤਾਂ ਬੁਲਡੋਜ਼ਰ, ਲਾਠੀਆਂ ਤੇ ਜਲ ਤੋਪਾਂ ਤਿਆਰ ਹਨ।



