ਵਿਧਾਇਕ ਪਠਾਣਮਾਜਰਾ ਗ੍ਰਿਫਤਾਰ

0
1

ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਪਿਛਲੇ ਛੇ ਮਹੀਨਿਆਂ ਤੋਂ ਚਕਮਾ ਦੇ ਰਹੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਖਰਕਾਰ ਪਟਿਆਲਾ ਪੁਲਸ ਨੇ ਮੱਧ ਪ੍ਰਦੇਸ਼ ਦੇ ਸ਼ਿਓਪੁਰੀ ਜ਼ਿਲ੍ਹੇ ਤੋਂ ਉਸ ਦੇ ਤਿੰਨ ਸਾਥੀਆਂ ਸਣੇ ਦਬੋਚ ਲਿਆ। ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਸਨੌਰ ਦੇ ਵਿਧਾਇਕ ਪਠਾਣਮਾਜਰਾ ‘ਤੇ ਜਬਰ-ਜਨਾਹ, ਧੋਖਾਧੜੀ ਅਤੇ ਡਰਾਉਣ-ਧਮਕਾਉਣ ਵਰਗੇ ਗੰਭੀਰ ਇਲਜ਼ਾਮ ਹਨ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ‘ਚ 25 ਮਾਰਚ ਨੂੰ ਸੁਣਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਪਠਾਣਮਾਜਰਾ ਸਕਾਰਪਿਓ ‘ਚ ਦਿੱਲੀ ਵੱਲ ਆ ਰਿਹਾ ਸੀ।
ਪਿਛਲੇ ਸਾਲ 2 ਸਤੰਬਰ ਤੋਂ ਫਰਾਰ ਚੱਲ ਰਹੇ ਵਿਧਾਇਕ ਖਿਲਾਫ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਕਾਨੂੰਨ ਤੋਂ ਬਚਣ ਦੀ ਹਰ ਕੋਸ਼ਿਸ਼ ਹੁਣ ਨਾਕਾਮ ਸਾਬਤ ਹੋਈ ਹੈ। ਇਹ ਗ੍ਰਿਫਤਾਰੀ ਪੰਜਾਬ ਪੁਲਸ ਲਈ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ, ਕਿਉਂਕਿ ਪਿਛਲੇ 48 ਘੰਟਿਆਂ ਅੰਦਰ ਜੇਲ੍ਹ ਜਾਣ ਵਾਲਾ ਇਹ ਦੂਜਾ ਵਿਧਾਇਕ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਬਕਾ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ ਅਤੇ ਇਹ ਸਪੱਸ਼ਟ ਸੁਨੇਹਾ ਹੈ ਕਿ ਕਾਨੂੰਨ ਦੇ ਲੰਮੇ ਹੱਥਾਂ ਤੋਂ ਕੋਈ ਵੀ ਬਚ ਨਹੀਂ ਸਕਦਾ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ।
ਸੂਤਰਾਂ ਮੁਤਾਬਕ ਪਟਿਆਲਾ ਪੁਲਸ ਨੇ ‘ਅਪ੍ਰੇਸ਼ਨ ਪਠਾਣਮਾਜਰਾ’ ਤਹਿਤ ਇੱਕ ਬੇਹੱਦ ਰੋਮਾਂਚਕ ਅਤੇ ਗੁਪਤ ਅਪ੍ਰੇਸ਼ਨ ਰਾਹੀਂ ਪਠਾਣਮਾਜਰਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਲੁਕਆਊਟ ਨੋਟਿਸ ਜਾਰੀ ਹੋਣ ਕਰਕੇ ਉਹ ਵਾਇਆ ਨੇਪਾਲ ਤੋਂ ਭਾਰਤ ਦਾਖਲ ਹੋਇਆ। ਸੂਤਰਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੇ ਖੁਦ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ।
ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ ਪੀ ਵੈਭਵ ਚੌਧਰੀ ਦੀ ਅਗਵਾਈ ਹੇਠ ਪਿਛਲੇ 48 ਘੰਟਿਆਂ ਤੋਂ ਚੱਲੀ ਇੱਕ ਸਟੀਕ ਯੋਜਨਾਬੰਦੀ ਨੇ ਇਸ ਗ੍ਰਿਫਤਾਰੀ ਨੂੰ ਸੰਭਵ ਬਣਾਇਆ। ਹਾਲਾਂਕਿ ਪਠਾਣਮਾਜਰਾ ਦੀ ਭਾਲ ਵਿੱਚ ਪੁਲਸ ਦੀਆਂ 6 ਟੀਮਾਂ ਦੇਸ਼ ਦੇ 7 ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀਆਂ ਸਨ, ਪਰ ਉਹ ਲਗਾਤਾਰ ਪੁਲਸ ਨੂੰ ਚਕਮਾ ਦੇ ਰਿਹਾ ਸੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਖਿਲਾਫ ਦਿੱਤੇ ਬਿਆਨਾਂ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਪੰਜਾਬ ਪੁਲਸ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ।
ਇਸ ਗ੍ਰਿਫਤਾਰੀ ਪਿੱਛੇ ਸਭ ਤੋਂ ਵੱਡਾ ਹੱਥ ‘ਤਕਨੀਕੀ ਸੂਝ-ਬੂਝ’ ਦਾ ਰਿਹਾ। ਜਿੱਥੇ ਇਹ ਚਰਚਾ ਸੀ ਕਿ ਵਿਧਾਇਕ ਆਸਟਰੇਲੀਆ ਫਰਾਰ ਹੋ ਚੁੱਕਾ ਹੈ, ਉੱਥੇ ਹੀ ਦੋ ਦਿਨ ਪਹਿਲਾਂ ਪੁਲਸ ਨੂੰ ਗਵਾਲੀਅਰ ਦੇ ਇੱਕ ਹੋਟਲ ਦੇ ਵਾਈ ਫਾਈ ਕਨੈਕਸ਼ਨ ਰਾਹੀਂ ਇੱਕ ਅਹਿਮ ਸੁਰਾਗ ਮਿਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਵਾਈ ਫਾਈ ‘ਤੇ ਇੱਕ ਬ੍ਰਿਟੇਨ ਦਾ ਮੋਬਾਇਲ ਨੰਬਰ ਵਰਤਿਆ ਜਾ ਰਿਹਾ ਹੈ। ਜਦੋਂ ਪੁਲਸ ਨੇ ਇਸ ਨੰਬਰ ਦੀ ਡੂੰਘਾਈ ਨਾਲ ਪੜਤਾਲ ਕੀਤੀ, ਤਾਂ ਸਾਫ ਹੋ ਗਿਆ ਕਿ ਇਸ ਦੀ ਵਰਤੋਂ ਪਠਾਣਮਾਜਰਾ ਹੀ ਕਰ ਰਿਹਾ ਸੀ। ਇਸ ਇੱਕ ਗਲਤੀ ਨੇ ਪੁਲਸ ਨੂੰ ਮੁਲਜ਼ਮ ਦੇ ਬਿਲਕੁਲ ਕੋਲ ਪਹੁੰਚਾ ਦਿੱਤਾ ਅਤੇ ‘ਅਪ੍ਰੇਸ਼ਨ ਪਠਾਣਮਾਜਰਾ’ ਸਫਲਤਾਪੂਰਵਕ ਨੇਪਰੇ ਚੜ੍ਹਿਆ। ਪੁਲਸ ਨੇ ਬੁੱਧਵਾਰ ਪਠਾਣਮਾਜਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ, ਪਰ ਚਾਰ ਦਿਨ ਦਾ ਹੀ ਮਿਲਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਪਠਾਣਮਾਜਰਾ ਦੀ ਗ੍ਰਿਫਤਾਰੀ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਦੀ ਖੁਦਕੁਸ਼ੀ ਦੇ ਸੰਵੇਦਨਸ਼ੀਲ ਮਾਮਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀ ਹੈ।