ਈਰਾਨ ਵਿਰੁੱਧ ਹਮਲਿਆਂ ਵਿੱਚ ਅਮਰੀਕਾ ਨੇ ਢਾਈ ਹਫਤਿਆਂ ‘ਚ ਕਰੀਬ 12 ਅਰਬ ਡਾਲਰ ਖਰਚ ਦਿੱਤੇ ਸਨ। ਭਾਰਤੀ ਰੁਪੱਈਆਂ ‘ਚ ਇਹ ਕਰੀਬ ਇੱਕ ਲੱਖ ਕਰੋੜ ਬਣਦੇ ਹਨ। ਅਮਰੀਕਾ ਕੋਲ ਪੈਸੇ ਦੀ ਕਮੀ ਨਹੀਂ, ਪਰ ਜਿੰਨੇ ਪੈਸੇ ਉਹ ਖਰਚ ਚੁੱਕਾ ਹੈ, ਉਹ ਕਿਸੇ ਨੇਕ ਕੰਮ ‘ਤੇ ਲਾਏ ਹੁੰਦੇ ਤਾਂ ਕਾਫੀ ਕੁਝ ਚੰਗਾ ਹੋ ਸਕਦਾ ਸੀ। ਭਾਰਤ ਇਸ ਸਮੇਂ ਕਈ ਵੱਡੇ ਐੱਕਸਪ੍ਰੈੱਸਵੇਅ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚ ਦਿੱਲੀ-ਮੁੰਬਈ ਐੱਕਸਪ੍ਰੈੱਸਵੇਅ ਪ੍ਰਮੁੱਖ ਹੈ। ਇਸ ਦੀ ਲੰਬਾਈ ਕਰੀਬ 1350 ਕਿੱਲੋਮੀਟਰ ਹੈ। ਇਸ ਦੀ ਕੁੱਲ ਲਾਗਤ ਕਰੀਬ ਇੱਕ ਲੱਖ ਕਰੋੜ ਮਿੱÎਥੀ ਗਈ ਹੈ। ਦਿਲਚਸਪ ਗੱਲ ਹੈ ਕਿ ਜਿੰਨੇ ਖਰਚ ਵਿੱਚ ਇਹ ਐੱਕਸਪ੍ਰੈੱਸਵੇਅ ਬਣਨਾ ਹੈ, ਓਨੇ ਅਮਰੀਕਾ ਨੇ ਜੰਗ ਵਿੱਚ ਸਿਰਫ 18 ਦਿਨਾਂ ‘ਚ ਫੂਕ ਦਿੱਤੇ ਸਨ। ਯੂ ਪੀ ਵਿੱਚ ਮੇਰਠ ਤੋਂ ਪ੍ਰਯਾਗਰਾਜ ਤੱਕ ਕਰੀਬ 40 ਹਜ਼ਾਰ ਕਰੋੜ ਰੁਪਏ ਨਾਲ ਗੰਗਾ ਐੱਕਸਪ੍ਰੈੱਸਵੇਅ ਬਣ ਰਿਹਾ ਹੈ। ਯਾਨਿ ਜਿੰਨੀ ਰਕਮ ਅਮਰੀਕਾ ਜੰਗ ਵਿੱਚ ਖਰਚ ਚੁੱਕਾ ਹੈ, ਓਨੀ ਰਕਮ ਨਾਲ ਦੋ ਗੰਗਾ ਐੱਕਸਪ੍ਰੈੱਸਵੇਅ ਬਣ ਸਕਦੇ ਹਨ। ਇਸੇ ਤਰ੍ਹਾਂ ਭਾਰਤ ਸੂਰਤ-ਨਾਸਿਕ-ਚੇਨਈ ਕਾਰੀਡੋਰ ਬਣਾ ਰਿਹਾ ਹੈ, ਜਿਸ ‘ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ, ਯਾਨਿ ਅਮਰੀਕਾ ਜਿੰਨੇ ਪੈਸੇ ਜੰਗ ਵਿੱਚ ਫੂਕ ਚੁੱਕਾ ਹੈ, ਉਸ ਨਾਲ ਅਜਿਹੇ ਦੋ ਕਾਰੀਡੋਰ ਬਣ ਜਾਣੇ ਸਨ। ਭਾਰਤ ਵਿੱਚ 2025 ‘ਚ ਐੱਲ ਪੀ ਜੀ ਸਿਲੰਡਰ ਦੇ ਕਰੀਬ 33 ਕਰੋੜ ਉਪਭੋਗਤਾ ਸਨ। ਸਿਲੰਡਰ ਕਰੀਬ ਇੱਕ ਹਜ਼ਾਰ ਰੁਪਏ ਦਾ ਮਿਲਦਾ ਹੈ। ਅਮਰੀਕਾ ਨੇ ਜਿੰਨੇ ਪੈਸੇ ਜੰਗ ‘ਤੇ ਬਰਬਾਦ ਕੀਤੇ ਹਨ, ਉਸ ਨਾਲ ਭਾਰਤ ਦੇ ਉਪਭੋਗਤਾਵਾਂ ਨੂੰ ਕਰੀਬ ਤਿੰਨ ਸਿਲੰਡਰ ਫ੍ਰੀ ਦਿੱਤੇ ਜਾ ਸਕਦੇ ਸਨ।
ਪਾਕਿਸਤਾਨ ਵਿੱਚ ਕਣਕ 75-110 ਰੁਪਏ ਕਿੱਲੋ ਤੇ ਆਟਾ 130-145 ਰੁਪਏ ਕਿੱਲੋ ਮਿਲ ਰਹੇ ਹਨ। ਚੌਲ 180-340 ਰੁਪਏ ਕਿੱਲੋ ਮਿਲ ਰਹੇ ਹਨ। ਪਾਕਿਸਤਾਨ ਦੀ ਸਾਢੇ 16 ਫੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਕੁੱਲ ਆਬਾਦੀ ਕਰੀਬ ਸਾਢੇ 25 ਕਰੋੜ ਹੈ। ਯਾਨਿ ਕਿ ਕਰੀਬ 4.2 ਕਰੋੜ ਲੋਕਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ। ਜੇ ਏਨੇ ਲੋਕਾਂ ਨੂੰ ਹਰ ਮਹੀਨੇ ਔਸਤ 10 ਕਿੱਲੋ ਆਟਾ ਦਿੱਤਾ ਜਾਏ ਤਾਂ ਕੁੱਲ ਲੋੜ 42 ਕਰੋੜ ਕਿੱਲੋ ਪ੍ਰਤੀ ਮਹੀਨਾ ਹੋਵੇਗੀ। ਜੇ ਅਮਰੀਕਾ ਜੰਗ ਵਿੱਚ ਕਰੀਬ ਇੱਕ ਲੱਖ ਕਰੋੜ ਫੂਕਣ ਦੀ ਥਾਂ ਪਾਕਿਸਤਾਨ ਨੂੰ ਦੇ ਦਿੰਦਾ ਤਾਂ ਔਸਤ ਦਰ ਦੇ ਹਿਸਾਬ ਨਾਲ ਇਸ ਰਕਮ ਨਾਲ 2400 ਕਰੋੜ ਕਿੱਲੋ ਆਟਾ ਮੁਹੱਈਆ ਕਰਵਾਇਆ ਜਾ ਸਕਦਾ ਸੀ। ਇਸ ਤਰ੍ਹਾਂ ਪਾਕਿਸਤਾਨ ਭੁੱਖ ਦਾ ਸ਼ਿਕਾਰ ਆਪਣੇ ਲੋਕਾਂ ਨੂੰ ਕਰੀਬ 57 ਮਹੀਨੇ ਤੱਕ ਆਟਾ ਉਪਲੱਬਧ ਕਰਵਾ ਸਕਦਾ ਸੀ।



