ਫੌਜ ਵੱਲੋਂ ਮਿਲਕਫੈੱਡ ਦਾ ਦੁੱਧ ਪਾਊਡਰ ਰੱਦ

0
18

ਚੰਡੀਗੜ੍ਹ : ਭਾਰਤੀ ਫੌਜ ਨੇ ਲੁਧਿਆਣਾ ਪਲਾਂਟ ਦੀ ਕਰੀਬ 125 ਮੀਟਰਿਕ ਟਨ ਸੁੱਕਾ ਦੁੱਧ ਪਾਊਡਰ ਦੀ ਸਪਲਾਈ ਰੱਦ ਕਰ ਦਿੱਤੀ ਹੈ। ਮਿਲਕਫੈੱਡ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਪਲਾਂਟ ਦੇ ਦੁੱਧ ਪਾਊਡਰ ਦੇ ਦੋ ਬੈਚ 58.338 ਮੀਟਰਕ ਟਨ ਅਤੇ 66.654 ਮੀਟਰਕ ਟਨ ਨੂੰ ਗੁਣਵੱਤਾ ਦੇ ਨਜ਼ਰੀਏ ਤੋਂ ਰੱਦ ਕਰ ਦਿੱਤਾ ਗਿਆ ਹੈ। ਫੌਜ ਨੇ ਗੁਣਵੱਤਾ ਦੀ ਜਾਂਚ ਮਗਰੋਂ ਅਜਿਹਾ ਕੀਤਾ। ਜੰਮੂ ਸਥਿਤ ਆਰਮੀ ਸਰਵਿਸ ਕਾਰਪਸ ਦੇ ਆਫੀਸਰ ਕਮਾਂਡਿੰਗ ਨੇ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲੁਧਿਆਣਾ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣੂ ਕਰਾਇਆ ਹੈ। ਮਿਲਕਫੈੱਡ ਦੇ ਪੰਜਾਬ ਵਿਚਲੇ ਅਲੱਗ-ਅਲੱਗ ਪਲਾਂਟਾਂ ਤੋਂ ਭਾਰਤੀ ਫੌਜ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਸਪਲਾਈ ਹੁੰਦੇ ਹਨ। ਦੁੱਧ ਦਾ ਪਾਊਡਰ ਸਭ ਤੋਂ ਵੱਧ ਲੁਧਿਆਣਾ ਪਲਾਂਟ ਤੋਂ ਹੀ ਸਪਲਾਈ ਹੁੰਦਾ ਹੈ। ਬਠਿੰਡਾ ਪਲਾਂਟ ਤੋਂ ਫੌਜੀ ਛਾਉਣੀ ਨੂੰ ਦੁੱਧ-ਦਹੀਂ ਤੇ ਮੱਖਣ ਆਦਿ ਦੀ ਸਪਲਾਈ ਹੁੰਦੀ ਹੈ। ਅੰਮ੍ਰਿਤਸਰ ਪਲਾਂਟ ਤੋਂ ਘਿਓ ਆਦਿ ਦੀ ਸਪਲਾਈ ਹੁੰਦੀ ਹੈ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਮਿਲਕਫੈੱਡ ਦੇਸ਼ ਭਰ ਦੇ ਚੰਗੇ ਅਦਾਰਿਆਂ ‘ਚੋਂ ਹੈ ਅਤੇ ਅਦਾਰੇ ਵੱਲੋਂ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਭਾਰਤੀ ਫੌਜ ਵੱਲੋਂ ਦੁੱਧ ਦੇ ਪਾਊਡਰ ਨੂੰ ਕਿਉਂ ਰੱਦ ਕੀਤਾ ਗਿਆ ਹੈ, ਉਸ ਬਾਰੇ ਪਤਾ ਲਗਾਉਣ ਲਈ ਇੱਕ ਤੱਥ ਖੋਜ ਕਮੇਟੀ ਦਾ ਗਠਨ ਕਰ ਰਹੇ ਹਾਂ।