ਨਵੀਂ ਦਿੱਲੀ : ਏਅਰ ਇੰਡੀਆ ਦੇ ਅੱਤ-ਆਧੁਨਿਕ ਏ-350 ਜਹਾਜ਼ ਨੂੰ ਵੀਰਵਾਰ ਦੁਪਹਿਰ ਤਕਨੀਕੀ ਖਰਾਬੀ ਕਾਰਨ ਲੰਡਨ ਦੇ ਰਸਤੇ ਤੋਂ ਵਾਪਸ ਦਿੱਲੀ ਮੋੜਨਾ ਪਿਆ। ਜਹਾਜ਼ ਲੱਗਭੱਗ ਸੱਤ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਕੌਮੀ ਰਾਜਧਾਨੀ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚੋਂ ਅਜੀਬ ਆਵਾਜ਼ਾਂ ਸੁਣਾਈ ਦੇਣ ਕਾਰਨ ਇਹ ਫੈਸਲਾ ਲਿਆ ਗਿਆ। ‘ਏ ਆਈ-111’ ਨੰਬਰ ਦੀ ਉਡਾਣ ਵਾਲਾ ਜਹਾਜ਼ ਵੀਰਵਾਰ ਸਵੇਰੇ ਕਰੀਬ 6 ਵਜੇ ਦਿੱਲੀ ਤੋਂ ਲੰਡਨ ਲਈ ਉੱਡਿਆ ਸੀ। ਜਦੋਂ ਜਹਾਜ਼ ਸਾਊਦੀ ਅਰਬ ਦੀ ਹਵਾਈ ਸੀਮਾ ਵਿੱਚ ਸੀ, ਤਾਂ ਤਕਨੀਕੀ ਖਰਾਬੀ ਦਾ ਸ਼ੱਕ ਪਿਆ। ਚਾਰ ਘੰਟੇ ਦੀ ਉਡਾਣ ਤੋਂ ਬਾਅਦ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ ਗਿਆ ਅਤੇ ਦੁਪਹਿਰ ਕਰੀਬ 12:30 ਵਜੇ ਇਹ ਵਾਪਸ ਦਿੱਲੀ ਉਤਰਿਆ।
ਦਿੱਲੀ-ਰੋਮ ਸਿੱਧੀ ਉਡਾਣ ਸ਼ੁਰੂ
ਨਵੀਂ ਦਿੱਲੀ : ਏਅਰ ਇੰਡੀਆ ਨੇ ਲਗਭਗ ਛੇ ਸਾਲਾਂ ਬਾਅਦ ਦਿੱਲੀ ਅਤੇ ਰੋਮ ਵਿਚਕਾਰ ਆਪਣੀ ਨਾਨ-ਸਟਾਪ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਰੋਮ ਫਿਊਮੀਸੀਨੋ ਹਵਾਈ ਅੱਡੇ ਲਈ ਆਪਣੀ ਹਫਤੇ ਵਿੱਚ ਚਾਰ ਵਾਰ ਚੱਲਣ ਵਾਲੀ ਸਿੱਧੀ ਸੇਵਾ ਦਾ ਉਦਘਾਟਨ ਕੀਤਾ, ਜਿਸ ਨਾਲ ਰੋਮ ਮੁੱਖ ਯੂਰਪ ਵਿੱਚ ਇਸ ਦਾ ਅੱਠਵਾਂ ਗੇਟਵੇਅ ਅਤੇ ਮਿਲਾਨ ਤੋਂ ਬਾਅਦ ਇਟਲੀ ਵਿੱਚ ਦੂਜੀ ਮੰਜ਼ਲ ਬਣ ਗਿਆ ਹੈ।




