ਚੰਡੀਗੜ੍ਹ : ਸੁਖਨਾ ਝੀਲ ਉੱਤੇ 27 ਅਤੇ 28 ਮਾਰਚ ਨੂੰ ਹੋਣ ਵਾਲੇ ਏਅਰ ਸ਼ੋਅ ਨੂੰ ਲੈ ਕੇ ਡੀ ਸੀ ਨਿਸ਼ਾਂਤ ਯਾਦਵ ਨੇ ਦੱਸਿਆ ਕਿ ਏਅਰ ਸ਼ੋਅ ਦਾ ਸਮਾਂ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਰਹੇਗਾ। 28 ਮਾਰਚ ਨੂੰ ਪੰਜਾਬ ਦੇ ਰਾਜਪਾਲ ਤੇ ਯੂ ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਪ੍ਰਸ਼ਾਸਨ ਅਨੁਸਾਰ, ਦੋਵਾਂ ਦਿਨਾਂ ਲਈ 10-10 ਹਜ਼ਾਰ ਲੋਕਾਂ ਦੀ ਸਮਰੱਥਾ ਤੈਅ ਕੀਤੀ ਗਈ ਹੈ। 28 ਮਾਰਚ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ, ਜਦਕਿ 27 ਮਾਰਚ ਲਈ ਕਰੀਬ 7,000 ਟਿਕਟਾਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ। ਪ੍ਰੋਗਰਾਮ ਵਿੱਚ ਐਂਟਰੀ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਨੇ ਚੰਡੀਗੜ੍ਹ ਟੂਰਿਜ਼ਮ ਐਪ ‘ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਏਅਰ ਸ਼ੋਅ ਦੇ ਮੱਦੇਨਜ਼ਰ 26 ਮਾਰਚ ਤੋਂ ਲੈ ਕੇ 28 ਮਾਰਚ ਦੁਪਹਿਰ 1:30 ਵਜੇ ਤੱਕ ਸੁਖਨਾ ਝੀਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
14 ਬੱਸ ਯਾਤਰੀਆਂ ਦੀ ਮੌਤ
ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਮਾਰਕਾਪੁਰਮ ਜ਼ਿਲ੍ਹੇ ਵਿੱਚ ਵੀਰਵਾਰ ਨਿੱਜੀ ਬੱਸ ਦੀ ਟਿੱਪਰ ਨਾਲ ਟੱਕਰ ਹੋਣ ਅਤੇ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23 ਜ਼ਖਮੀ ਹੋ ਗਏ। ਪ੍ਰਾਈਵੇਟ ਟਰੈਵਲ ਬੱਸ ਤੇਲੰਗਾਨਾ ਦੇ ਜਗਤਿਆਲ ਤੋਂ ਨੇਲੋਰ ਜ਼ਿਲ੍ਹੇ ਦੇ ਕਾਲੀਗਿਰੀ ਜਾ ਰਹੀ ਸੀ।
ਪੈਟਰੋਲ ਪੰਪਾਂ ‘ਤੇ ਵੀ ਮਿਲੂ
ਚੰਡੀਗੜ੍ਹ : ਯੂ ਟੀ ਪ੍ਰਸ਼ਾਸਨ ਦੀ 2026-27 ਦੀ ਆਬਕਾਰੀ ਨੀਤੀ ਤਹਿਤ ਪੈਟਰੋਲ ਪੰਪਾਂ ਤੇ ਡਿਪਾਰਟਮੈਂਟਲ ਸਟੋਰਾਂ ‘ਤੇ ਵੀ ਸ਼ਰਾਬ ਦੀ ਵਿਕਰੀ ਹੋਵੇਗੀ। ਸ਼ਰਤ ਸਿਰਫ ਇਹ ਹੈ ਕਿ ਇਨ੍ਹਾਂ ‘ਤੇ 3 ਕਰੋੜ ਰੁਪਏ ਸਾਲਾਨਾ ਜੀ ਐੱਸ ਟੀ ਰਿਟਰਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਤ ਦੇ 12 ਵਜੇ ਤੱਕ ਸ਼ਰਾਬ ਵੇਚੀ ਜਾਏਗੀ। ਸੁੰਨਸਾਨ ਥਾਵਾਂ ‘ਤੇ ਠੇਕੇ ਨਾ ਖੁਲ੍ਹਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ।
ਐੱਫ ਆਈ ਆਰ ਦੀ ਕਾਪੀ ਫ੍ਰੀ ਹੀ ਮਿਲੇਗੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੀ ਵੈੱਬਸਾਈਟ ਤੋਂ ਐੱਫ ਆਈ ਆਰ ਡਾਊਨਲੋਡ ਕਰਨ ਲਈ ਲਗਾਈ ਜਾਣ ਵਾਲੀ 80 ਰੁਪਏ ਦੀ ਫੀਸ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਵਕੀਲਾਂ ਨੇ ਸਰਕਾਰ ਦੇ ਇਸ ਕਦਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।




