ਤਿਰੁਅਨੰਤਪੁਰਮ : ਰਾਹੁਲ ਗਾਂਧੀ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਦੀ ਦੇਖਭਾਲ ਕਰ ਰਹੀ ਕੇਰਲਾ ਦੀ ਇੱਕ ਨਰਸ ਦੀ ਤਨਦੇਹੀ ਅਤੇ ਸਮਰਪਣ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਰਾਹੁਲ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਚਿੰਤਤ ਪੁੱਤਰ ਵਜੋਂ ਉਸ ਨੂੰ ਉਸ ਸਮੇਂ ਬਹੁਤ ਸਕੂਨ ਮਿਲਿਆ, ਜਦੋਂ ਕੇਰਲਾ ਦੀ ਨਰਸ ਹਰ ਘੰਟੇ ਉਨ੍ਹਾ ਦੀ ਮਾਂ ਦਾ ਹਾਲ-ਚਾਲ ਪੁੱਛਣ ਆਉਂਦੀ ਰਹੀ। ਰਾਹੁਲ ਮੁਤਾਬਕ ਉਸ ਨਰਸ ਦੀ ਪਿਆਰੀ ਮੁਸਕਰਾਹਟ ਅਤੇ ਮਰੀਜ਼ ਦਾ ਹੱਥ ਫੜ ਕੇ ਦਿਲਾਸਾ ਦੇਣ ਦਾ ਅੰਦਾਜ਼ ਕੇਰਲਾ ਦੇ ਅਸਲ ਸੱਭਿਆਚਾਰ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ।
ਰਾਹੁਲ ਗਾਂਧੀ ਨੇ ਅੱਗੇ ਲਿਖਿਆ ਕਿ ਜਦੋਂ ਉਸ ਨੇ ਨਰਸ ਤੋਂ ਪੁੱਛਿਆ ਕਿ ਕੀ ਉਹ ਰਾਤ ਨੂੰ ਸੌਂਦੀ ਨਹੀਂ, ਤਾਂ ਉਸ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ ਕਿ ਉਹ ਸਾਰੀ ਰਾਤ ਡਿਊਟੀ ਕਰਦੀ ਹੈ। ਰਾਹੁਲ ਨੇ ਕਿਹਾ ਕਿ ਇਹ ਸਿਰਫ ਦਿੱਲੀ ਜਾਂ ਕੇਰਲਾ ਦੀ ਗੱਲ ਨਹੀਂ ਹੈ, ਸਗੋਂ ਪੂਰੀ ਦੁਨੀਆ ਵਿੱਚ ਕੇਰਲਾ ਦੀਆਂ ਔਰਤਾਂ ਮੁਸ਼ਕਲ ਘੜੀ ਵਿੱਚ ਲੋਕਾਂ ਦਾ ਸਹਾਰਾ ਬਣ ਰਹੀਆਂ ਹਨ। ਉਸ ਨੇ ਇਸ ਜਜ਼ਬੇ ਨੂੰ ਕੇਰਲਾ ਦੀ ਰੂਹ ਦੱਸਦਿਆਂ ਕਿਹਾ ਕਿ ਇਹ ਧੀਆਂ ਆਪਣੀ ਨੀਂਦ ਤਿਆਗ ਕੇ ਦੂਜਿਆਂ ਦੇ ਦੁੱਖ ਵੰਡਾ ਰਹੀਆਂ ਹਨ, ਜੋ ਕਿ ਬੇਹੱਦ ਕਾਬਿਲ-ਏ-ਤਾਰੀਫ ਹੈ।




