ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ। ਜੰਗ ਕਾਰਨ ਵਿਗੜੇ ਹਾਲਾਤ ‘ਚ ਚਰਚਾ ਸੰਭਵ ਹੈ। ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਦੇ ਮੁੱਖ ਮੰਤਰੀ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਮੋਦੀ ਨੇ 24 ਮਾਰਚ ਨੂੰ ਰਾਜ ਸਭਾ ਵਿੱਚ ਕਿਹਾ ਸੀ ਕਿ ਜੰਗ ਜਾਰੀ ਰਹੀ ਤਾਂ ਨਤੀਜੇ ਗੰਭੀਰ ਹੋਣਗੇ। ਆਉਣ ਵਾਲਾ ਸਮਾਂ ਕੋਰੋਨਾ ਕਾਲ ਵਰਗੀ ਪ੍ਰੀਖਿਆ ਵਰਗਾ ਹੋਵੇਗਾ। ਕੇਂਦਰ ਤੇ ਰਾਜਾਂ ਨੂੰ ਮਿਲ ਕੇ ਚੱਲਣਾ ਪਵੇਗਾ।
ਭਾਰਤ ਕੋਲ ਲੱਗਭੱਗ 60 ਦਿਨਾਂ ਦਾ ਈਂਧਨ ਸਟਾਕ ਮੌਜੂਦ ਹੈ। ਸਰਕਾਰ ਨੇ ਵੀਰਵਾਰ ਕਿਹਾ ਕਿ ਪੈਟਰੋਲ, ਡੀਜ਼ਲ ਜਾਂ ਐੱਲ ਪੀ ਜੀ ਦੀ ਕੋਈ ਕਿੱਲਤ ਨਹੀਂ ਹੈ। ਕਿੱਲਤ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਇਸ ਦਾ ਉਦੇਸ਼ ਘਬਰਾਹਟ ਵਿੱਚ ਖਰੀਦਦਾਰੀ ਨੂੰ ਭੜਕਾਉਣਾ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਪੈਟਰੋਲ ਪੰਪਾਂ ‘ਤੇ ਲੋੜੀਂਦਾ ਸਟਾਕ ਹੈ ਅਤੇ ਉਹ ਆਮ ਵਾਂਗ ਕੰਮ ਕਰ ਰਹੇ ਹਨ। ਪੈਟਰੋਲ ਜਾਂ ਡੀਜ਼ਲ ਦੀ ਕੋਈ ਰਾਸ਼ਨਿੰਗ ਨਹੀਂ ਕੀਤੀ ਜਾ ਰਹੀ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ”ਭਾਰਤ, ਜੋ ਕਿ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰਿਫਾਇਨਰ ਅਤੇ ਪੈਟਰੋਲੀਅਮ ਉਤਪਾਦਾਂ ਦਾ ਪੰਜਵਾਂ ਸਭ ਤੋਂ ਵੱਡਾ ਨਿਰਯਾਤਕ ਹੈ, ਕੋਲ ਘਰੇਲੂ ਈਂਧਨ ਦੀ ਉਪਲੱਬਧਤਾ ਦਾ ਢਾਂਚਾਗਤ ਭਰੋਸਾ ਹੈ ਅਤੇ ਉਹ 150 ਤੋਂ ਵੱਧ ਦੇਸ਼ਾਂ ਨੂੰ ਰਿਫਾਇੰਡ ਈਂਧਨ ਦੀ ਸਪਲਾਈ ਕਰਨਾ ਜਾਰੀ ਰੱਖ ਰਿਹਾ ਹੈ। ਹਰ ਭਾਰਤੀ ਰਿਫਾਇਨਰੀ (ਜੋ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ਵਿੱਚ ਬਦਲਦੀ ਹੈ) 100 ਫੀਸਦੀ ਤੋਂ ਵੱਧ ਸਮਰੱਥਾ ‘ਤੇ ਚੱਲ ਰਹੀ ਹੈ, ਅਗਲੇ 60 ਦਿਨਾਂ ਲਈ ਕੱਚੇ ਤੇਲ ਦੀ ਸਪਲਾਈ ਪਹਿਲਾਂ ਹੀ ਭਾਰਤੀ ਤੇਲ ਕੰਪਨੀਆਂ ਦੁਆਰਾ ਤੈਅ ਕੀਤੀ ਜਾ ਚੁੱਕੀ ਹੈ। ਸਪਲਾਈ ਵਿੱਚ ਕੋਈ ਅੰਤਰ ਨਹੀਂ ਹੈ। ਭਾਰਤ ਕੋਲ ਕੁੱਲ 74 ਦਿਨਾਂ ਦੀ ਕੱਚੇ ਤੇਲ ਅਤੇ ਈਂਧਨ ਸਟੋਰ ਕਰਨ ਦੀ ਸਮਰੱਥਾ ਹੈ। ਅਸਲ ਸਟਾਕ ਕਵਰ ਇਸ ਵੇਲੇ ਲੱਗਭੱਗ 60 ਦਿਨਾਂ ਦਾ ਹੈ (ਜਿਸ ਵਿੱਚ ਕੱਚਾ ਸਟਾਕ, ਉਤਪਾਦ ਸਟਾਕ ਅਤੇ ਗੁਫਾਵਾਂ ਵਿੱਚ ਸਮਰਪਤ ਰਣਨੀਤਕ ਸਟੋਰੇਜ ਸ਼ਾਮਲ ਹੈ), ਭਾਵੇਂ ਅਸੀਂ ਪੱਛਮੀ ਏਸ਼ੀਆ ਸੰਕਟ ਦੇ 27ਵੇਂ ਦਿਨ ‘ਤੇ ਹਾਂ। ਹਰ ਭਾਰਤੀ ਨਾਗਰਿਕ ਲਈ ਲੱਗਭੱਗ ਦੋ ਮਹੀਨਿਆਂ ਦੀ ਸਥਿਰ ਸਪਲਾਈ ਉਪਲੱਬਧ ਹੈ, ਚਾਹੇ ਵਿਸ਼ਵ ਪੱਧਰ ‘ਤੇ ਕੁਝ ਵੀ ਵਾਪਰੇ।”
ਮੰਤਰਾਲੇ ਮੁਤਾਬਕ ਐੱਲ ਪੀ ਜੀ ਦੀ ਸਪਲਾਈ ਵੀ ਕਾਫੀ ਹੈ, ਕਿਉਂਕਿ ਘਰੇਲੂ ਉਤਪਾਦਨ ਵਧਿਆ ਹੈ ਅਤੇ ਆਯਾਤ ਦੀਆਂ ਲੋੜਾਂ ਘਟੀਆਂ ਹਨ। ਕਈ ਦੇਸ਼ਾਂ ਤੋਂ ਵਾਧੂ ਖੇਪਾਂ ਸੁਰੱਖਿਅਤ ਕੀਤੀਆਂ ਗਈਆਂ ਹਨ, ਜੋ ਸਥਿਰ ਉਪਲੱਬਧਤਾ ਨੂੰ ਯਕੀਨੀ ਬਣਾਉਂਦੀਆਂ ਹਨ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਬੇਲੋੜੀ ਚਿੰਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਪੋਸਟਾਂ ਅਤੇ ਕਿੱਲਤ ਜਾਂ ਐਮਰਜੈਂਸੀ ਉਪਾਵਾਂ ਦੇ ਜਾਅਲੀ ਦਾਅਵੇ ਫੈਲਾਏ ਜਾ ਰਹੇ ਹਨ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।




