ਮੋਗਾ (ਇਕਬਾਲ ਸਿੰਘ ਖਹਿਰਾ)
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖ਼ੇ ਪਦਾਰਥਵਾਦ ਵਿਚਾਰ ਮੰਚ ਵੱਲੋਂ ਮਾਰਕਸਵਾਦ ਵਿਸ਼ੇ ‘ਤੇ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਵੀਰਵਾਰ ਆਰੰਭ ਹੋਈ, ਜਿਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਤਿੰਨ ਰੋਜ਼ਾ ਵਿਚਾਰ-ਗੋਸ਼ਟੀ ਦਾ ਉਦਘਾਟਨ ਮੰਚ ਦੇ ਪ੍ਰਧਾਨ ਡਾ. ਇੰਦਰਵੀਰ ਗਿੱਲ ਨੇ ਕੀਤਾ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੇ ਸਾਹਮਣੇ ਇੱਕ ਗੰਭੀਰ ਵਿਚਾਰਧਾਰਾਤਮਕ ਸੰਕਟ ਨਜ਼ਰ ਆ ਰਿਹਾ ਹੈ। ਇਸ ਸੰਕਟ ਨੂੰ ਸਮਝਣ ਅਤੇ ਸਮਾਜਿਕ-ਆਰਥਿਕ ਸਮੱਸਿਆਵਾਂ ਦੇ ਹੱਲ ਲਈ ਮਾਰਕਸਵਾਦੀ ਫਲਸਫੇ ਬਾਰੇ ਸਪੱਸ਼ਟਤਾ ਬਹੁਤ ਜ਼ਰੂਰੀ ਹੈ। ਉਨ੍ਹਾ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੀ ਵਿਚਾਰ-ਗੋਸ਼ਟੀ ਵਿਚਾਰਧਾਰਾਤਮਕ ਸਪੱਸ਼ਟਤਾ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
ਮਾਰਕਸਵਾਦੀ ਚਿੰਤਕ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਦੁਨੀਆ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਬਦਲ ਗਈ ਹੈ ਅਤੇ ਏ ਆਈ ਨੇ ਪੈਦਾਵਾਰ ਸਮੇਤ ਹਰ ਖੇਤਰ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਹਨ, ਜਿਸ ਨਾਲ ਕਿਰਤੀਆਂ ਕੋਲੋਂ ਰੁਜ਼ਗਾਰ ਖੁਸ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਮਾਰਕਸਵਾਦ ਅੱਜ ਵੀ ਕਿਰਤੀ ਜਮਾਤ ਦਾ ਰਾਹ-ਦਸੇਰਾ ਹੈ। ਉਹਨਾ ਕਿਹਾ ਕਿ ਦੁਨੀਆ ਦੀ ਸਰਮਾਏ ਦੀ ਧਿਰ ਵੱਲੋਂ ਮਾਰਕਸਵਾਦ ਨੂੰ ਵੇਲਾ ਵਿਹਾ ਚੁੱਕਿਆ ਸਿਧਾਂਤ ਸਾਬਤ ਕਰਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ, ਪਰ ਮਾਰਕਸਵਾਦ ਇਕ ਵਿਗਿਆਨ ਹੈ ਅਤੇ ਮਾਰਕਸਵਾਦ ਸੱਚ ਹੈ। ਉਨ੍ਹਾ ਕਿਹਾ ਕਿ ਮਾਰਕਸਵਾਦੀ ਸਿਧਾਂਤ ਦੇ ਅਮਲ ਦਾ ਤਜਰਬਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸਫਲਤਾਪੂਰਵਕ ਕੀਤਾ ਜਾ ਚੁੱਕਿਆ ਰਿਹਾ ਹੈ ਅਤੇ ਜਾਰੀ ਹੈ। ਉਹਨਾ ਕਿਹਾ ਕਿ ਦੁਨੀਆਂ ਵਿੱਚ ਮੌਜੂਦਾ ਸਰਮਾਏਦਾਰੀ ਪ੍ਰਬੰਧ ਦੇ ਵਿਕਾਸ ਦੀ ਪ੍ਰਤੀਸ਼ਤਤਾ ਘਟਦੀ ਦਰ ਵਾਲੀ ਹੋ ਰਹੀ ਹੈ, ਜਿਸ ਦਾ ਮਤਲਬ ਹੈ ਮਾਰਕਸਵਾਦ ਦੀ ਭਵਿੱਖਬਾਣੀ ਕਿ ਸਰਮਾਏਦਾਰੀ ਦਾ ਵਿਕਾਸ ਇਕ ਸਟੇਜ ‘ਤੇ ਜਾ ਕੇ ਰੁਕ ਜਾਵੇਗਾ ਅਤੇ ਕਿਰਤੀਆਂ ਦੀ ਜਿੱਤ ਹੋਵੇਗੀ। ਉਹਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖਾਸ ਸੱਦਾ ਦਿੰਦਿਆਂ ਕਿਹਾ ਕਿ ਉਹ ਅੱਗੇ ਆ ਕੇ ਮਾਰਕਸਵਾਦ ਦਾ ਅਧਿਐਨ ਕਰਨ, ਤਾਂ ਜੋ ਦੁਨੀਆ ਨੂੰ ਮਾਰਕਸਵਾਦੀ ਸਿਧਾਂਤ ਅਨੁਸਾਰ ਬਦਲਿਆ ਜਾ ਸਕੇ ਤੇ ਸਾਡੇ ਮਹਾਨ ਸ਼ਹੀਦਾਂ ਵੱਲੋਂ ਦੇਖੇ ਸੁਪਨੇ ਸੱਚ ਕੀਤੇ ਜਾ ਸਕਣ।ਹੋਰਨਾਂ ਤੋਂ ਇਲਾਵਾ ਚਰਨਜੀਤ ਛਾਂਗਾ ਰਾਏ, ਕਰਮਵੀਰ ਬੱਧਨੀ, ਸਰਦੂਲ ਸਿੰਘ ਰਾਜਸਥਾਨ, ਸਵਰਨ ਖੋਸਾ, ਸੁਖਵਿੰਦਰ, ਕੁਲਦੀਪ ਭੋਲਾ ਅਤੇ ਰਾਹੁਲ ਵੀ ਸ਼ਾਮਲ ਸਨ।





