ਅਹਿਮਦਾਬਾਦ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਹੋਦ ਵਿੱਚ ‘ਵਿਜੇ ਵਿਸ਼ਵਾਸ ਸਭਾ’ ਰਾਹੀਂ ਭਾਜਪਾ ਅਤੇ ਕਾਂਗਰਸ ਦੇ ਗੁਪਤ ਗਠਜੋੜ ‘ਤੇ ਤਿੱਖਾ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਭਾਜਪਾ ਦੇ ਦਮਨ ਵਿਰੁੱਧ ਖੜ੍ਹੀ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਬਦਲਾਅ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਧਦੇ ਜਨ ਸਮਰਥਨ ਨੂੰ ਦੇਖ ਕੇ ਭਾਜਪਾ ਡਰ ਗਈ ਹੈ ਅਤੇ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਸਾਲਾਂ ਵਿੱਚ ਭਾਜਪਾ ਸਰਕਾਰ ਚੰਗੇ ਸਕੂਲ-ਹਸਪਤਾਲ ਅਤੇ ਖੇਤੀ ਲਈ ਪਾਣੀ ਤੱਕ ਨਹੀਂ ਦੇ ਸਕੀ, ਕਿਉਂਕਿ ਇਨ੍ਹਾਂ ਦੀ ਨੀਅਤ ਹੀ ਖਰਾਬ ਹੈ। ਇਸ ਵਾਰ ਜਨਤਾ ਖੇਤੀ-ਘਰ ਦੀ ਮੁਫ਼ਤ ਬਿਜਲੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ, 10 ਲੱਖ ਦਾ ਸਿਹਤ ਬੀਮਾ ਅਤੇ ਚੰਗੇ ਸਕੂਲਾਂ ਲਈ ਵੋਟ ਪਾਵੇਗੀ।
ਉਨ੍ਹਾਂ ਕਿਹਾ ਕਿ ਹਰ ਸਾਲ ਅਰਬਾਂ-ਖਰਬਾਂ ਰੁਪਏ ਆਦਿਵਾਸੀ ਸਮਾਜ ਦੇ ਕਲਿਆਣ ਲਈ ਰੱਖੇ ਜਾਂਦੇ ਹਨ। ਪਿਛਲੇ 30 ਸਾਲਾਂ ਵਿੱਚ ਆਦਿਵਾਸੀ ਸਮਾਜ ਦੇ ਭਲੇ ਲਈ ਜਿੰਨਾ ਪੈਸਾ ਆਇਆ, ਜੇਕਰ ਇਹ ਪੈਸਾ ਸਿੱਧਾ ਇੱਕ-ਇੱਕ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਤਾਂ ਹਰ ਕੋਈ ਕਰੋੜਪਤੀ ਬਣ ਜਾਂਦਾ, ਪਰ ਆਦਿਵਾਸੀ ਸਮਾਜ ਦੇ ਨਾਂਅ ‘ਤੇ ਆਉਣ ਵਾਲਾ ਪੈਸਾ ਭਾਜਪਾ ਅਤੇ ਕਾਂਗਰਸ ਵਾਲਿਆਂ ਦੀਆਂ ਜੇਬਾਂ ਵਿੱਚ ਚਲਾ ਜਾਂਦਾ ਹੈ।ਕੇਜਰੀਵਾਲ ਨੇ ਕਿਹਾ ਕਿ 2022 ਤੋਂ ਪਹਿਲਾਂ ਪੰਜਾਬ ਵਿੱਚ ਵੀ ਗੁਜਰਾਤ ਵਰਗਾ ਹੀ ਹਾਲ ਸੀ। ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਗਠਜੋੜ ਦੀਆਂ ਦੋ ਹੀ ਪਾਰਟੀਆਂ ਸਨ। ਦੋਵੇਂ ਪਾਰਟੀਆਂ 5-5 ਸਾਲ ਵਾਰੋ-ਵਾਰੀ ਸਰਕਾਰ ਬਣਾਉਂਦੀਆਂ ਸਨ ਅਤੇ ਦੋਵੇਂ ਮਿਲ ਕੇ ਲੁੱਟਦੀਆਂ ਸਨ।ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਉਮੀਦ ਲੈ ਕੇ ਆਈ। ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਕਿ ਪੁਰਾਣੀਆਂ ਪਾਰਟੀਆਂ ‘ਤੇ ਝਾੜੂ ਚਲਾ ਕੇ ਉਨ੍ਹਾਂ ਨੂੰ ਉਖਾੜ ਸੁੱਟਣਾ ਹੈ। ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ 117 ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਕੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ। ਹੁਣ ਗੁਜਰਾਤ ਕੋਲ ਵੀ ਝਾੜੂ ਚਲਾ ਕੇ ਕਾਂਗਰਸ ਅਤੇ ਭਾਜਪਾ ਨੂੰ ਸਾਫ਼ ਕਰਨ ਦਾ ਵਧੀਆ ਮੌਕਾ ਹੈ।
ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਚੋਣ ਵਿੱਚ ਭਾਜਪਾ ਅਤੇ ਕਾਂਗਰਸ ਵਾਲੇ ਆਪਣੇ-ਆਪਣੇ ਬੱਚਿਆਂ ਨੂੰ ਟਿਕਟਾਂ ਦੇਣਗੇ, ਪਰ ਆਮ ਆਦਮੀ ਪਾਰਟੀ ਸਿਰਫ਼ ਆਮ ਘਰਾਂ ਦੇ ਬੱਚਿਆਂ ਨੂੰ ਹੀ ਟਿਕਟ ਦੇਵੇਗੀ। ਕਿਸੇ ਨੇਤਾ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਾਲੇ ਆਪਸ ਵਿੱਚ ਮਿਲੇ ਹੋਏ ਹਨ। ਜੇਕਰ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ ਤਾਂ ਸਮਝ ਲੈਣ ਕਿ ਉਹ ਵੋਟ ਭਾਜਪਾ ਕੋਲ ਹੀ ਚਲੀ ਗਈ ਹੈ ਕਿਉਂਕਿ ਉਨ੍ਹਾਂ ਦਾ ਵਿਧਾਇਕ ਬਾਅਦ ਵਿੱਚ ਉਧਰ ਹੀ ਸ਼ਾਮਲ ਹੋ ਜਾਂਦਾ ਹੈ। ਇਨ੍ਹਾਂ ਦੋਵਾਂ ਨੂੰ ਇੱਕ ਹੀ ਪਾਰਟੀ ਸਮਝੋ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਸਮਝੋ। ਇਹ ਲੋਕ ਲੜਾਈ ਦੀ ਗੱਲ ਕਰਦੇ ਹਨ, ਅਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਹਾਂ। ਇਹ ਲੋਕ ਜਾਤੀਵਾਦ ਦੀ ਗੱਲ ਕਰਦੇ ਹਨ, ਜਦਕਿ ਆਮ ਆਦਮੀ ਪਾਰਟੀ ਚੰਗੇ ਸਕੂਲ, ਹਸਪਤਾਲ, ਫ਼ਸਲਾਂ ਦੇ ਉਚਿਤ ਭਾਅ ਅਤੇ ਕਿਸਾਨ ਦੀ ਮਿਹਨਤ ਦੇ ਮੁੱਲ ਦੀ ਗੱਲ ਕਰਦੀ ਹੈ। ਅਸੀਂ ਔਰਤਾਂ ਲਈ 1000 ਰੁਪਏ ਜਨਰਲ ਕੈਟੇਗਰੀ ਅਤੇ 1500 ਰੁਪਏ ਐੱਸ ਸੀ ਕੈਟਾਗਰੀ ਦੀਆਂ ਔਰਤਾਂ ਦੇ ਬੈਂਕ ਖਾਤੇ ਵਿੱਚ ਹਰ ਮਹੀਨੇ ਭੇਜਣ ਦਾ ਪ੍ਰਬੰਧ ਕੀਤਾ ਹੈ। ਪੰਜਾਬ ਵਿੱਚ ਘਰਾਂ ਦੀ ਬਿਜਲੀ ਬਿਲਕੁਲ ਮੁਫ਼ਤ ਹੈ। ਪੰਜਾਬ ਵਿੱਚ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ, ਜਦਕਿ ਗੁਜਰਾਤ ਵਿੱਚ ਲੋਕਾਂ ਨੂੰ ਬਿੱਲ ਤਾਂ ਭਾਰੀ-ਭਰਕਮ ਆਉਂਦਾ ਹੈ, ਪਰ ਬਿਜਲੀ ਨਹੀਂ ਆਉਂਦੀ।




