ਸ਼ਹਿਬਾਜ਼ ਦੀ ਪੇਜ਼ਸ਼ਕੀਅਨ ਨਾਲ ਲੰੰਮੀ ਗੱਲਬਾਤ

0
6

ਇਸਲਾਮਾਬਾਦ : ਮੱਧ ਪੂਰਬ ਵਿੱਚ ਵਧਦੇ ਤਣਾਅ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਅਨ ਨਾਲ ਤਕਰੀਬਨ ਇੱਕ ਘੰਟਾ ਫੋਨ ‘ਤੇ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਲੰਮੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਦੇ ਤਰੀਕਿਆਂ ਅਤੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ। ਸ਼ਹਿਬਾਜ਼ ਸ਼ਰੀਫ਼ ਨੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਦੀ ਸਖਤ ਨਿਖੇਧੀ ਕੀਤੀ ਅਤੇ ਤਹਿਰਾਨ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੰਜ ਅਜਿਹੇ ਉਦੇਸ਼ ਦੱਸੇ ਹਨ, ਜੋ ਅਮਰੀਕਾ ਈਰਾਨ ਨਾਲ ਆਪਣੀ ਜੰਗ ਖਤਮ ਕਰਨ ਤੋਂ ਪਹਿਲਾਂ ਹਾਸਲ ਕਰਨਾ ਚਾਹੁੰਦਾ ਹੈ। ਹੁਣ ਸੰਘਰਸ਼ ਦੇ ਲਗਭਗ ਇੱਕ ਮਹੀਨੇ ਬਾਅਦ ਉਨ੍ਹਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਜਲਦੀ ਹੀ ਇਸ ਕਾਰਵਾਈ ਨੂੰ ਸਮਾਪਤ ਕਰ ਸਕਦਾ ਹੈ, ਭਾਵੇਂ ਕਿ ਉਨ੍ਹਾ ਦੇ ਕੁਝ ਮੁੱਖ ਉਦੇਸ਼ ਅਧੂਰੇ ਹਨ। ਇਸੇ ਦੌਰਾਨ ਅਮਰੀਕਾ ਤੇ ਈਰਾਨ ਵਿਚਾਲੇ ਮੀਟਿੰਗ ਕਰਾਉਣ ਦੀ ਸਬੀਲ ਘੜਨ ਲਈ ਪਾਕਿਸਤਾਨ, ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਵਿਦੇਸ਼ ਮੰਤਰੀ ਐਤਵਾਰ ਇੱਥੇ ਮੀਟਿੰਗ ਕਰਨਗੇ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉਹ ਦੋ ਦਿਨ ਵਿਚਾਰ-ਵਟਾਂਦਰਾ ਕਰਨਗੇ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਕਿਹਾ ਕਿ ਉਹ ਟਕਰਾਅ ਖਤਮ ਕਰਾਉਣ ਦੇ ਤਰੀਕਾਕਾਰ ‘ਤੇ ਵਿਚਾਰਾਂ ਕਰਨਗੇ।