ਵਿਰੋਧੀਆਂ ਨੂੰ ਸੀ ਬੀ ਆਈ, ਈ ਡੀ ਕੇਸਾਂ ‘ਚ ਫਸਾ ਕੇ ਜੇਲ੍ਹਾਂ ‘ਚ ਸੁੱਟਣ ਵਾਲਾ ਸੱਚਾ ਸਨਾਤਨੀ ਨਹੀਂ ਹੋ ਸਕਦਾ :”ਸਿਸੋਦੀਆ

0
10

ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਹਿੰਦੂ ਨਵ ਵਰ੍ਹਾ ਸੰਮਤ ਦੇ ਮੌਕੇ ‘ਤੇ ਜ਼ਿਲ੍ਹਾ ਪਠਾਨਕੋਟ ਦੇ ਰਾਮਲੀਲ੍ਹਾ ਗਰਾਊਂਡ ਵਿੱਚ ਵਿਸ਼ਾਲ ਸੂਬਾ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਜੇ ਸ਼ਰਮਾ ਰਾਸ਼ਟਰੀ ਪ੍ਰਧਾਨ ਸਨਾਤਨ ਹਿੰਦੂ ਸੰਗਠਨ ਵੱਲੋਂ ਕੀਤੀ ਗਈ।ਸਮਾਰੋਹ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਸਲਾਹਕਾਰ ਦੀਪਕ ਬਾਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਵੱਲੋਂ ਹਿੰਦੂ ਸੰਸਕ੍ਰਿਤੀ ਅਤੇ ਸਨਾਤਨ ਪਰੰਪਰਾਵਾਂ ਨੂੰ ਸਮਰਪਤ ਭਜਨਾਂ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕ ਰੰਗ ਵਿੱਚ ਰੰਗਿਆ ਗਿਆ। ਇਸ ਤੋਂ ਬਾਅਦ ਮੰਚ ‘ਤੇ ਮੌਜੂਦ ਮਹਿਮਾਨਾਂ ਅਤੇ ਸਨਾਤਨ ਪ੍ਰਮੁੱਖਾਂ ਦਾ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਤ ਮਹਾਂਪੁਰਖਾਂ ਵੱਲੋਂ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਅਸੀਸਾਂ ਦਿੱਤੀਆਂ ਗਈਆਂ।ਸਮਾਰੋਹ ਨੂੰ ਸੰਬੋਧਨ ਕਰਦਿਆਂ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਪੰਜਾਬ ਲਈ ਇਹ ਦਿਨ ਇਤਿਹਾਸਕ ਮਹੱਤਤਾ ਰੱਖਦਾ ਹੈ, ਕਿਉਂਕਿ ਪਹਿਲੀ ਵਾਰ ਸਨਾਤਨ ਸੰਸਕ੍ਰਿਤੀ ਨਾਲ ਸੰਬੰਧਤ ਨਵ ਵਰ੍ਹੇ ਦਾ ਸੂਬਾ ਪੱਧਰੀ ਸਰਕਾਰੀ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਉਨ੍ਹਾ ਇਸ ਨੂੰ ਸਰਕਾਰ ਦੀ ਸਮਾਵੇਸ਼ੀ ਅਤੇ ਸੱਭਿਆਚਾਰਕ ਨੀਤੀ ਦਾ ਪ੍ਰਗਟਾਵਾ ਦੱਸਿਆ।ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿੰਦੂ ਨਵ ਵਰ੍ਹਾ ਸਿਰਫ ਤਿਉਹਾਰ ਨਹੀਂ, ਸਗੋਂ ਪ੍ਰਾਚੀਨ ਸੰਸਕ੍ਰਿਤੀ, ਜੀਵਨ ਮੁੱਲਾਂ ਅਤੇ ਪਰੰਪਰਾਵਾਂ ਦਾ ਪ੍ਰਤੀਕ ਹੈ। ਉਨ੍ਹਾ ਧਾਰਮਿਕ ਸਹਿਣਸ਼ੀਲਤਾ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਰਾਜ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੰਦਿਆਂ ਵੰਡਕਾਰੀ ਸੋਚ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।ਮੰਤਰੀ ਅਮਨ ਅਰੋੜਾ ਨੇ ਨਵੇਂ ਵਰ੍ਹੇ ਨੂੰ ਆਤਮ-ਚਿੰਤਨ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਦਾ ਮੌਕਾ ਦੱਸਿਆ। ਇਹ ਸਮਾਰੋਹ ਨਾ ਸਿਰਫ ਧਾਰਮਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਰਿਹਾ, ਸਗੋਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਵਾਲਾ ਵੀ ਸਾਬਤ ਹੋਇਆ।