ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਇਸਤਰੀ ਸਭਾ ਦੇ ਜਨਰਲ ਸਕੱਤਰ ਨਰਿੰਦਰ ਸੋਹਲ ਅਤੇ ਪ੍ਰਧਾਨ ਰਜਿੰਦਰ ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਇਸਤਰੀ ਸਭਾ ਵੱਲੋਂ 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਲਾਇਆ ਗਿਆ ਤਿੰਨ ਰੋਜ਼ਾ ਸਕੂਲ ਐਤਵਾਰ ਸਫਲਤਾਪੂਰਵਕ ਸੰਪੰਨ ਹੋ ਗਿਆ। ਵੱਖ-ਵੱਖ ਸੈਸ਼ਨਾਂ ਵਿੱਚ ਜ਼ਿਲ੍ਹਿਆਂ ਅਤੇ ਸੂਬਾ ਟੀਮ ਦੀਆਂ ਮੈਂਬਰਾਂ ਨੇ ਪ੍ਰਧਾਨਗੀ ਕੀਤੀ, ਜਿਨ੍ਹਾਂ ਵਿੱਚ ਕਿਰਨਬੀਰ ਵਲਟੋਹਾ, ਤ੍ਰਿਪਤ ਕਾਲੀਆ, ਸਦੇਸ਼ ਕੁਮਾਰੀ ਅਤੇ ਸੰਤੋਸ਼ ਬਰਾੜ ਸ਼ਾਮਲ ਸਨ।
11 ਅਪ੍ਰੈਲ ਦੇ ਪਹਿਲੇ ਸੈਸ਼ਨ ਵਿੱਚ ਅਨਿਲ ਰਾਜਿਮਵਾਲਾ ਨੇ ਪਾਰਟੀ ਪ੍ਰੋਗਰਾਮ ਬਾਰੇ ਲੈਕਚਰ ਦਿੱਤਾ ਅਤੇ ਬੜੇ ਵਿਸਥਾਰ ਨਾਲ ਦੱਸਿਆ ਕਿ ਕੋਈ ਵੀ ਪਾਰਟੀ ਪ੍ਰੋਗਰਾਮ ਬਣਾਏ ਬਿਨਾਂ ਸਹੀ ਢੰਗ ਨਾਲ ਚੱਲ ਨਹੀਂ ਸਕਦੀ। ਸਾਡਾ ਦੇਸ਼ ਕਿਹੜੀਆਂ ਲੀਹਾਂ ‘ਤੇ ਚੱਲੇ, ਉਸ ਵਾਸਤੇ ਪ੍ਰੋਗਰਾਮ ਬਣਾਉਣਾ ਜ਼ਰੂਰੀ ਹੈ। ਕਮਿਊਨਿਸਟ ਪਾਰਟੀ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਵਾਸਤੇ ਵੀ ਪ੍ਰੋਗਰਾਮ ਬਣਾਇਆ ਸੀ ਅਤੇ ਕਾਂਗਰਸ ਨੇ ਕਮਿਊਨਿਸਟ ਪਾਰਟੀ ਦੀ ਮਦਦ ਨਾਲ ਵਿਕਾਸ ਦੀ ਲੀਹ ‘ਤੇ ਪੈਰ ਰੱਖਿਆ ਸੀ। ਮੌਜੂਦਾ ਪ੍ਰੋਗਰਾਮ 2015 ਨੂੰ ਪੁਡੂਚੇਰੀ ਵਿੱਚ ਬਣਾਇਆ ਗਿਆ ਸੀ ਕਿ ਹੁਣ ਅਰਥ ਵਿਵਸਥਾ ਕਿਹੜੀਆਂ ਲੀਹਾਂ ‘ਤੇ ਚੱਲੇ।
ਦੂਜੇ ਸੈਸ਼ਨ ਵਿੱਚ ਐਡਵੋਕੇਟ ਅਸ਼ਵਨੀ ਬਖਸ਼ੀ ਨੇ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ‘ਤੇ ਲੈਕਚਰ ਦਿੱਤਾ।ਉਹਨਾ ਦੱਸਿਆ ਕਿ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਸਦੀਆਂ ਪੁਰਾਣੀਆਂ ਹਨ ਅਤੇ ਬ੍ਰਿਟਿਸ਼ ਸਾਮਰਾਜ ਨੇ ਆਪਣਾ ਸਾਮਰਾਜ ਕਾਇਮ ਰੱਖਣ ਲਈ ਲੋਕਾਂ ਨੂੰ ਧਰਮਾਂ ਦੇ ਨਾਂਅ ‘ਤੇ ਵੰਡਿਆ। ਉਹਨਾ ਵਿੱਚ ਦੰਗੇ ਕਰਵਾਏ, ਲੱਖਾਂ ਲੋਕ ਮਰਵਾਏ ਅਤੇ ਦੇਸ਼ ਦਾ ਬਹੁਤ ਉਜਾੜਾ ਕੀਤਾ। ਜਦੋਂ ਅੰਗਰੇਜ਼ ਦੇਸ਼ ਛੱਡ ਕੇ ਚਲੇ ਗਏ ਤਾਂ ਸਾਡਾ ਦੇਸ਼ ਬੁਰੀ ਤਰ੍ਹਾਂ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ, ਜਿਸ ਨੂੰ ਆਰ ਐੱਸ ਐੱਸ ਆਪਣਾ ਮਕਸਦ ਹਾਸਿਲ ਕਰਨ ਲਈ ਵਰਤ ਰਹੀ ਹੈ। ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਉਹ ਹਥਿਆਰ ਹਨ, ਜੋ ਦੇਸ਼ ਦੀ ਸੱਭਿਆਚਾਰਕ ਸਾਂਝ ਨੂੰ ਤੋੜਦੇ ਹਨ ਅਤੇ ਦੇਸ਼ ਦੀ ਆਰਥਿਕ ਅਤੇ ਰਾਜਨੀਤਕ ਸਥਿਤੀ ਨੂੰ ਵਿਗਾੜਦੇ ਹਨ।ਇਸ ਦਾ ਸਿੱਧਾ ਅਸਰ ਔਰਤਾਂ ‘ਤੇ ਪੈਂਦਾ ਹੈ, ਜਿਨ੍ਹਾਂ ਦੇ ਘਰ ਤਬਾਹ ਹੋ ਜਾਂਦੇ ਹਨ ਅਤੇ ਪਰਿਵਾਰਕ ਮੈਂਬਰ ਮਾਰੇ ਜਾਂਦੇ ਹਨ। ਇੱਜ਼ਤ ਵੀ ਤਾਰ-ਤਾਰ ਹੋ ਜਾਂਦੀ ਹੈ ।12 ਅਪ੍ਰੈਲ ਨੂੰ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੇ ਨੈਸ਼ਨਲ ਜਨਰਲ ਸਕੱਤਰ ਨਿਸ਼ਾ ਸਿੱਧੂ ਨੇ ਦੱਸਿਆ ਕਿ ਸਮਾਜ ਵਿੱਚ ਔਰਤਾਂ ਬਹੁਤ ਪੀੜਤ ਹਨ ਅਤੇ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਉਹਨਾਂ ਨੂੰ ਸੰਗਠਨਾਂ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਆਪਣੇ ਹੱਕ ਪ੍ਰਾਪਤ ਕਰਨ ਦੀ ਲੜਾਈ ਲੜ ਸਕਣ। ਇਸ ਲਈ ਸੰਗਠਨ ਮਜ਼ਬੂਤ ਬਣਾਉਣ ਲਈ ਵਧੇਰੇ ਯਤਨਸ਼ੀਲ ਹੋਣਾ ਪਵੇਗਾ। ਨਿਸ਼ਾ ਸਿੱਧੂ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਵੀ ਵਰਨਣ ਕੀਤਾ। ਉਹਨਾ ਪੰਜਾਬ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੰਦਿਆ ਤਸੱਲੀ ਪ੍ਰਗਟਾਈ ਕਿ ਪੰਜਾਬ ਇਸਤਰੀ ਸਭਾ ਵਧੀਆ ਕੰਮ ਕਰ ਰਹੀ ਹੈ।
ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਪਾਰਟੀ ਦੇ ਜਨਤਕ ਸੰਗਠਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਕਿਸ ਤਰ੍ਹਾਂ ਸਮਾਜ ਵਿੱਚ ਹਰ ਵਰਗ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਉਸ ਵਾਸਤੇ ਹਰ ਵਰਗ ਦੀ ਆਪਣੀ ਜਨਤਕ ਜਥੇਬੰਦੀ ਹੋਣੀ ਜ਼ਰੂਰੀ ਹੈ। ਇਹ ਜਨਤਕ ਜਥੇਬੰਦੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੈਦਾਨ ਵਿੱਚ ਉਤਰਦੀਆਂ ਹਨ ਤੇ ਉਹਨਾਂ ਦੇ ਕੀਤੇ ਗਏ ਕਾਰਜਾਂ ਕਰਕੇ ਲੋਕ ਉਹਨਾਂ ਨਾਲ ਜੁੜਦੇ ਹਨ। ਲੋਕ ਘੋਲਾਂ ਵਿੱਚੋਂ ਹੀ ਅੱਗੇ ਪਾਰਟੀ ਕਾਡਰ ਨਿਕਲਦਾ ਹੈ।
ਅੰਤ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਔਰਤਾਂ ਦੇ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਹਰ ਕਿਸਮ ਦੀ ਮਦਦ ਦੇਣ ਦਾ ਵਾਅਦਾ ਕੀਤਾ। ਪੰਜਾਬ ਇਸਤਰੀ ਸਭਾ ਹਰਦੇਵ ਸਿੰਘ ਅਰਸ਼ੀ, ਨਿਰਮਲ ਧਾਲੀਵਾਲ, ਬੰਤ ਬਰਾੜ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਦੀ ਬਹੁਤ ਧੰਨਵਾਦੀ ਹੈ, ਜਿਨ੍ਹਾਂ ਸਕੂਲ ਨੂੰ ਸਫਲ ਬਣਾਉਣ ਵਿੱਚ ਅਹਿਮ ਰੋਲ ਨਿਭਾਇਆ। ਦਫ਼ਤਰ ਇੰਚਾਰਜ ਲਾਲੀ ਅਤੇ ਵਿਜੈ ਕੁਮਾਰ ਨੇ ਵੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ।





