ਗੁਰਦਾਸਪੁਰ : ਭਾਰਤੀ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ ਅਤੇ ਮੁਜ਼ਾਰਾ ਲਹਿਰ ਦੇ ਨਿਧੜਕ ਯੋਧੇ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਉਹਨਾਂ ਦੇ ਭਰਾ ਆਜ਼ਾਦੀ ਘੁਲਾਟੀਏ ਮੇਦਨ ਸਿੰਘ ਮੇਦਨ ਦੀ ਬਰਸੀ ਐਤਵਾਰ ਉਹਨਾਂ ਦੇ ਜੱਦੀ ਪਿੰਡ ਅਕਾਲਗੜ੍ਹ ਅਲੂਣਾ ਵਿਖੇ ਉਹਨਾਂ ਦੀ ਯਾਦਗਾਰ ‘ਤੇ ਝੰਡਾ ਝੁਲਾ ਕਿ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮਨਾਈ ਗਈ।
ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਮੇਦਨ ਸਿੰਘ ਮੇਦਨ ਦੇ ਸੰਘਰਸ਼ਸ਼ੀਲ ਜੀਵਨ ਬਾਰੇ ਚਾਨਣਾ ਪਾਇਆ। ਉਹਨਾ ਕਾਮਰੇਡ ਸੁਤੰਤਰ ਵੱਲੋਂ ਦੇਸ਼ ਦੀ ਆਜ਼ਾਦੀ ਲਹਿਰ ਅੰਦਰ ਪਾਏ ਯੋਗਦਾਨ ਅਤੇ ਖਾਸ ਕਰਕੇ ਮੁਜ਼ਾਰਾ ਲਹਿਰ ਅੰਦਰ ਮਾਲਵੇ ਅੰਦਰ ਲੜੇ ਗਏ ਜ਼ਮੀਨੀ ਘੋਲ ਅੰਦਰ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦੇ ਇਤਿਹਾਸ ਅੰਦਰ ਘੱਟੋ-ਘੱਟ ਨੁਕਸਾਨ ਕਰਵਾ ਕੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਹਨਾ ਪਾਰਲੀਮੈਂਟ ਮੈਂਬਰ ਹੁੰਦਿਆਂ ਜਿਸ ਤਰ੍ਹਾਂ ਲੋਕਾਂ ਦੇ ਮਸਲੇ ਪਾਰਲੀਮੈਂਟ ਅੰਦਰ ਪੇਸ਼ ਕੀਤੇ ਅਤੇ ਆਖਰੀ ਸਮੇਂ ਤੱਕ ਇਮਾਨਦਾਰੀ ਦੀ ਜੋ ਮਿਸਾਲ ਪੇਸ਼ ਕੀਤੀ, ਉਹ ਅੱਜ ਦੇ ਰਾਜਨੀਤਕ ਆਗੂਆਂ ਅੰਦਰ ਖੰਭ ਲਾ ਕਿ ਉੱਡ ਚੁੱਕੀ ਹੈ। ਉਹਨਾ ਕਿਹਾ ਕਿ ਅੱਜ ਸੁਤੰਤਰ ਹੁਰਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕਿ ਲੋਕ ਘੋਲਾਂ ਅੰਦਰ ਹਿੱਸਾ ਲੈਣਾ ਚਾਹੀਦਾ ਹੈ।
ਸੀ ਪੀ ਆਈ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਕਾਮਰੇਡ ਸੁਤੰਤਰ ਇਕੱਲਾ ਪੰਜਾਬ ਜਾਂ ਭਾਰਤ ਦਾ ਹੀ ਨਹੀਂ, ਉਹ ਇੱਕ ਕੌਮਾਤਰੀ ਕਮਿਊਨਿਸਟ ਆਗੂ ਸੀ, ਜਿਸ ਨੂੰ ਬਾਰਾਂ ਭਾਸ਼ਾਵਾਂ ਦਾ ਅਤੇ ਗੁਰੀਲਾ ਯੁੱਧ ਦਾ ਗਿਆਨ ਸੀ। ਉਹਨਾ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉਪਰ ਕੀਤੇ ਫੌਜੀ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਜੰਗ ਸਾਮਰਾਜੀਆਂ ਵੱਲੋਂ ਈਰਾਨ ਦੇ ਤੇਲ ‘ਤੇ ਕਬਜ਼ੇ ਕਰਨ ਲਈ ਲੜੀ ਜਾ ਰਹੀ ਹੈ। ਉਹਨਾ ਈਰਾਨ ਦੇ ਬਹਾਦਰ ਲੋਕਾਂ ਦੀ ਦੇਸ਼ ਭਗਤੀ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ।
ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਕਾਮਰੇਡ ਸੁਤੰਤਰ ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਰਹੇ। ਉਹਨਾ ਦੀ ਅਗਵਾਈ ਹੇਠ ਜਥੇਬੰਦੀ ਨੇ ਵੱਡੇ ਸੰਘਰਸ਼ ਲੜੇ ਅਤੇ ਸਫਲਤਾ ਪ੍ਰਾਪਤ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਗਜੀਤ ਸਿੰਘ ਕਲਾਨੌਰ, ਕਿਰਤੀ ਕਿਸਾਨ ਯੂਨੀਅਨ ਦੇ ਸਤਿਬੀਰ ਸਿੰਘ ਮੁਲਤਾਨੀ, ਮੰਗਲ ਸਿੰਘ ਖਜਾਲਾ ਖੇਤ ਮਜ਼ਦੂਰ ਸਭਾ ਦੇ ਆਗੂ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪਾਰਟੀ ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਖਹਿਰਾ ਨੇ ਮਤੇ ਪੇਸ਼ ਕਰਦਿਆਂ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਦੇ ਬਹਾਦਰ ਲੋਕਾਂ ‘ਤੇ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਭਾਰਤ ਸਰਕਾਰ ਇਜ਼ਰਾਈਲ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਕੇ ਲਿਬਨਾਨ ‘ਤੇ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਉਸ ਦੇ ਨਾਲ ਰਾਜਨੀਤਕ ਸੰਬੰਧ ਤੁਰੰਤ ਖਤਮ ਕਰੇ। ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਪੰਜਾਬ ਸਰਕਾਰ 50,000 ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ। ਫਸਲਾਂ ਦੀ ਐੱਮ ਐੱਸ ਪੀ ਤੇ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਖਰੀਦ ਗਰੰਟੀ ਕਨੂੰਨ ਬਣਾਉਣ, ਬਿਜਲੀ ਬਿੱਲ ਅਤੇ ਬੀਜ ਬਿੱਲ ਨੂੰ ਵਾਪਸ ਲੈਣ, ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਬਸੰਤਕੋਟ ਅਤੇ ਜਗਜੀਤ ਸਿੰਘ ਅਲੂਣਾ ਨੇ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਾਮਰੇਡ ਸੁਤੰਤਰ ਅਤੇ ਮੇਦਨ ਸਿੰਘ ਮੇਦਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਘ ਰਾਜ ਰੱਲਾ ਦੀ ਟੀਮ ਨੇ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਸਟੇਜ ਦਾ ਸੰਚਾਲਨ ਹਰਚਰਨ ਔਜਲਾ ਨੇ ਕੀਤਾ।





