ਜਲੰਧਰ : ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਐਤਵਾਰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ਦੇ ਸਾਰੇ ਪਿੰਡਾਂ ਵਿੱਚ 3 ਲੱਖ ਤੋਂ ਵੱਧ ਸੋਲਰ ਲਾਈਟਾਂ ਲਗਾਈਆਂ ਜਾਣਗੀਆਂ। ‘ਮੁੱਖ ਮੰਤਰੀ ਰੋਸ਼ਨ ਪੰਜਾਬ’ ਯੋਜਨਾ ਤਹਿਤ 13 ਹਜ਼ਾਰ ਪਿੰਡਾਂ ਵਿੱਚ ਸੋਲਰ ਲਾਈਟਾਂ ਲਗਾਉਣ ਲਈ ਪੰਜਾਬ ਕੈਬਨਿਟ ਨੇ ਸਨਿੱਚਰਵਾਰ ਮਨਜ਼ੂਰੀ ਦੇ ਦਿੱਤੀ ਹੈ।
ਪਹਿਲੇ ਪੜਾਅ ਵਿੱਚ ਸੋਲਰ ਲਾਈਟਾਂ ਸਕੂਲਾਂ, ਧਾਰਮਕ ਸਥਾਨਾਂ, ਪਿੰਡਾਂ ਦੀਆਂ ਸੱਥਾਂ ਅਤੇ ਪਿੰਡਾਂ ਨੂੰ ਆਉਣ ਵਾਲੇ ਮੁੱਖ ਰਸਤਿਆਂ ‘ਤੇ ਲਗਾਈਆਂ ਜਾਣਗੀਆਂ। ਇਸ ਨਾਲ ਰਾਤ ਸਮੇਂ ਵੀ ਔਰਤਾਂ ਅਤੇ ਬੱਚੀਆਂ ਨੂੰ ਆਪਣੇ ਕੰਮ ਕਰਨ ਲਈ ਬਾਹਰ ਆਉਣ ਸਮੇਂ ਸੁਰੱਖਿਆ ਮਿਲ ਸਕੇਗੀ। ਇਸ ਲਈ ਸੂਬਾ ਸਰਕਾਰ ਨੇ ਸਾਢੇ ਪੰਜ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਅਤੇ ਲਾਈਟਾਂ ਲਗਾਉਣ ਦਾ ਕੰਮ ਜੂਨ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਨ੍ਹਾਂ ਲਾਈਟਾਂ ਨੂੰ ਲਗਾਉਣ ਲਈ ਸੂਬਾ ਸਰਕਾਰ 70 ਫੀਸਦੀ ਅਤੇ ਪੰਚਾਇਤਾਂ ਆਪਣੇ ਫੰਡਾਂ ਰਾਹੀਂ 30 ਫੀਸਦੀ ਹਿੱਸੇਦਾਰੀ ਪਾਉਣਗੀਆਂ। ਲਾਈਟਾਂ ਦੇ ਰੱਖ-ਰਖਾਅ ਲਈ ਕਿਉ ਆਰ ਕੋਡ ਲਗਾ ਕੇ ਮੁੱਖ ਦਫਤਰ ਚੰਡੀਗੜ੍ਹ ਵਿੱਚ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਇਨ੍ਹਾਂ ਲਾਈਟਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਕੰਪਨੀਆਂ ਨਾਲ ਸੱਤ ਸਾਲ ਦਾ ਸਮਝੌਤਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜੇ ਸੋਲਰ ਲਾਈਟਾਂ ਦੀ ਮੁਰੰਮਤ 72 ਘੰਟੇ ਵਿੱਚ ਨਾ ਕੀਤੀ ਗਈ ਤਾਂ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਖੇਤੀ ਸੈਕਟਰ ਵਿੱਚ ਹੁਣ ਤੱਕ ਸੋਲਰ ਪ੍ਰੋਜੈਕਟ ਵਜੋਂ ਛੇ ਹਜ਼ਾਰ ਤੋਂ ਵੱਧ ਪੰਪ ਲਗਾਏ ਗਏ ਹਨ। ਪੀ ਐੱਸ ਪੀ ਸੀ ਐੱਲ ਵੱਲੋਂ ਸੋਲਰ ਪਲਾਂਟ ਰਾਹੀਂ 500 ਮੈਗਾਵਾਟ ਬਿਜਲੀ ਲੈਣ ਲਈ ਟੈਂਡਰ ਕੀਤੇ ਗਏ ਹਨ।
ਉਨ੍ਹਾ ਪਿਛਲੀਆਂ ਸਰਕਾਰਾਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਹੁਣ ਤੱਕ ਇਕ ਲੱਖ ਚਾਲੀ ਹਜ਼ਾਰ ਲਾਈਟਾਂ ਹੀ ਲਗਾਈਆਂ ਸਨ, ਜਿਨ੍ਹਾਂ ਵਿੱਚੋਂ ਬਹੁਤੀਆਂ ਖਰਾਬ ਅਤੇ ਨਾ ਚੱਲਣ ਯੋਗ ਹੀ ਹਨ। ਉਨ੍ਹਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਗੈਂਗਸਟਰਾਂ ਦੀਆਂ ਫੋਟੋਆਂ ਅਖਬਾਰ ਵਿੱਚ ਛਾਪਣ ਅਤੇ ਸੂਬੇ ਦੇ ਚੁਣੇ ਹੋਏ ਵਿਧਾਇਕਾਂ ‘ਤੇ ਕੀਤੀ ਟਿੱਪਣੀ ‘ਤੇ ਕਿਹਾ ਕਿ ਕਿ ਉਹ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹੀ ਗਲਤ ਬਿਆਨਬਾਜ਼ੀ ਕਰਨ ਕਾਰਨ ਸੁਨੀਲ ਜਾਖੜ ਨੂੰ ਸੂਬੇ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇਗਾ। ਇਸ ਕਾਨੂੰਨ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ, ਰੱਖ-ਰਖਾਓ ਅਤੇ ਧਾਰਮਕ ਸਥਾਨਾਂ ਤੇ ਘਰਾਂ ਵਿੱਚ ਦਿੱਤੇ ਜਾਂਦੇ ਪਾਵਨ ਸਰੂਪਾਂ ਨੂੰ ਸੰਭਾਲਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾ ਕਿਹਾ ਸਮਾਜ ਵਿਰੋਧੀ ਲੋਕ ਧਾਰਮਕ ਗ੍ਰੰਥਾਂ ਦੀ ਬੇਅਦਬੀ ਕਰਕੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਂਦੇ ਹਨ, ਅਜਿਹੇ ਵਿਅਕਤੀਆਂ ਲਈ ਸੂਬਾ ਸਰਕਾਰ ਵਿਧਾਨ ਸਭਾ ਵਿੱਚ ਸਖਤ ਕਾਨੂੰਨ ਲਿਆਵੇਗੀ।





