14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮਨਾਉਣ ਦੇ ਨਾਲ-ਨਾਲ ਇਸ ਮੁੱਦੇ ‘ਤੇ ਵੀ ਵਿਚਾਰ ਕਰਨਾ ਪੈਣਾ ਕਿ ਬਾਬਾ ਸਾਹਿਬ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚੋਂ ਇੱਕ—ਜਾਤੀ ਦੇ ਖਾਤਮੇ ਦੇ ਸੰਦਰਭ ਵਿੱਚ ਅੱਜ ਸਾਡੀ ਕੀ ਸਥਿਤੀ ਹੈ। ਗੌਤਮ ਬੁੱਧ ਜਾਤੀ-ਵਰਣ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਪਹਿਲੇ ਪ੍ਰਮੁੱਖ ਵਿਅਕਤੀ ਸਨ। ਬਾਬਾ ਸਾਹਿਬ ਨੇ ਬੁੱਧ ਦੇ ਪ੍ਰਤੀਰੋਧ ਨੂੰ ਕ੍ਰਾਂਤੀ ਦਾ ਨਾਂਅ ਦਿੱਤਾ ਸੀ, ਪਰ ਬੁੱਧ ਧਰਮ ਤੇ ਉਸ ਦੀਆਂ ਕਦਰਾਂ-ਕੀਮਤਾਂ ਦਾ ਵਿਰੋਧ ਚਲਦਾ ਰਿਹਾ। ਇਸ ਦੌਰ ਨੂੰ ਅੰਬੇਡਕਰ ਪ੍ਰਤੀਕ੍ਰਾਂਤੀ ਕਹਿੰਦੇ ਹਨ, ਜਿਸ ਦੇ ਬਾਅਦ ਜਾਤੀ-ਵਰਣ ਵਿਵਸਥਾ ਦੀ ਅਤਿਅੰਤ ਹਮਲਾਵਰੀ ਢੰਗ ਨਾਲ ਵਾਪਸੀ ਹੋਈ। ਉਸ ਦੇ ਜਨਮ ਸਥਾਨ ਭਾਰਤ ਤੋਂ ਬੌਧ ਧਰਮ ਦਾ ਸਫਾਇਆ ਹੋ ਗਿਆ, ਜਦਕਿ ਉਹ ਕਈ ਦੱਖਣੀ ਤੇ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਪਨਪਿਆ ਤੇ ਵਧਿਆ-ਫੁੱਲਿਆ। ਬੁੱਧ ਦੇ ਬਾਅਦ ਜਾਤੀ ਪ੍ਰਥਾ ਦੇ ਵਿਰੋਧ ਦਾ ਦੂਜਾ ਵੱਡਾ ਦੌਰ ਕਬੀਰ, ਰੈਦਾਸ, ਦਾਦੂ ਤੇ ਕਈ ਹੋਰ ਸੰਤਾਂ ਦੀ ਅਗਵਾਈ ਵਿੱਚ ਆਇਆ। ਇਨ੍ਹਾਂ ਸਮਾਜ ਵਿੱਚ ਬਰਾਬਰੀ ਦੀ ਵਕਾਲਤ ਕੀਤੀ। ਇਹ ਅਤਿਅੰਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦੇ ਸਨ, ਪਰ ਇਨ੍ਹਾਂ ਨੂੰ ਜਾਤੀ ਪ੍ਰਥਾ ਨਾਲ ਸਭ ਤੋਂ ਵੱਧ ਲਾਭ ਕਮਾਉਣ ਵਾਲੇ ਪੁਰੋਹਿਤ ਵਰਗ ਤੇ ਸਾਮੰਤੀ ਤੱਤਾਂ ਦੇ ਗੱਠਜੋੜ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬ੍ਰਿਟਿਸ਼ ਬਸਤੀਵਾਦੀ ਕਾਲ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਇਸ ਅਣਮਨੁੱਖੀ ਪ੍ਰਥਾ ਦਾ ਵਿਰੋਧ ਸ਼ੁਰੂ ਹੋਇਆ। ਜੋਤੀਰਾਓ ਫੂਲੇ ਤੇ ਸਾਵਿਤਰੀ ਬਾਈ ਫੂਲੇ ਨੇ ਇਸਤਰੀ ਸਿੱਖਿਆ ਦੀ ਸ਼ੁਰੂਆਤ ਕੀਤੀ। ਮਹਿਲਾਵਾਂ ਨੂੰ ਮਰਦਾਂ ਦੇ ਅਧੀਨ ਤੇ ਉਨ੍ਹਾਂ ਤੋਂ ਨਿਮਨ ਮੰਨਣ ਦੇ ਨਜ਼ਰੀਏ ਦੀ ਖਿਲਾਫਤ ਦਾ ਇਹ ਸਭ ਤੋਂ ਚੰਗਾ ਹਥਿਆਰ ਸੀ। ਸਮਾਜੀ ਨਿਆਂ ਦੀ ਸਥਾਪਨਾ ਦੇ ਇਸ ਅੰਦੋਲਨ ਨੂੰ ਬਾਬਾ ਸਾਹਿਬ ਦੇ ਕਾਰਨ ਜ਼ਬਰਦਸਤ ਬੜ੍ਹਾਵਾ ਮਿਲਿਆ। ਉਨ੍ਹਾ ਸਰਵਜਨਕ ਜਲ ਸਰੋਤਾਂ ਤੱਕ ਪਹੁੰਚ ਅਤੇ ਮੰਦਰਾਂ ਵਿੱਚ ਦਾਖਲੇ ਲਈ ਅੰਦੋਲਨਾਂ ਦੀ ਅਗਵਾਈ ਕੀਤੀ। ਜਾਤੀ ਪ੍ਰਥਾ ਨੂੰ ਧਾਰਮਕ ਮਾਨਤਾ ਵਿਰੁੱਧ ਪ੍ਰੋਟੈੱਸਟ ਵਜੋਂ ਉਨ੍ਹਾ ਮਨੂੰ ਸਿਮਰਤੀ ਨੂੰ ਸਾੜਿਆ।
ਬਰਾਬਰੀ ਵੱਲ ਸਮਾਜੀ ਬਦਲਾਅ ਦੀ ਪ੍ਰਕਿਰਿਆ ਦੇ ਵਿਰੋਧ ਦੇ ਬੀਜ ਸਮਾਜ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਨ। ਇਹ ਪਹਿਲਾਂ ਹਿੰਦੂ ਮਹਾਂ ਸਭਾ ਵਿੱਚ ਤੇ ਫਿਰ ਆਰ ਐੱਸ ਐੱਸ ਵਿੱਚ ਪ੍ਰਤੀਬਿੰਬਤ ਹੋਏ। ਦਲਿਤ-ਓ ਬੀ ਸੀ ਅੰਦੋਲਨ ਇੱਕ ਅਹਿਮ ਕਦਮ ਸੀ, ਜਿਸ ਨੇ ਜਾਤੀਗਤ ਤੇ ਲਿੰਗਿਕ ਵਿਤਕਰੇ, ਜਿਹੜਾ ਆਰ ਐੱਸ ਐੱਸ ਦੀ ਵਿਚਾਰਧਾਰਾ ਦਾ ਕੇਂਦਰੀ ਤੱਤ ਹੈ, ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ। ਤਾਂ ਵੀ, ਆਰ ਐੱਸ ਐੱਸ ਨੇ ਸਮਾਜ ਵਿੱਚ ਦਲਿਤਾਂ ਦੀ ਬਰਾਬਰੀ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ ਕੀਤਾ। ਸੰਵਿਧਾਨ ਵਿੱਚ ਅਨੁਸੁਚਿਤ ਜਾਤੀ ਤੇ ਜਨਜਾਤੀ ਵਰਗ ਲਈ ਰਿਜ਼ਰਵੇਸ਼ਨ ਦੀ ਵਿਵਸਥਾ ਸੀ, ਪਰ ਆਰ ਐੱਸ ਐੱਸ ਦਾ ਇਸ ਖਿਲਾਫ ਪ੍ਰਾਪੇਗੰਡਾ ਜਾਰੀ ਹੈ। ਅੱਜ ਡਾ. ਅੰਬੇਡਕਰ ਨੂੰ ਯਾਦ ਕਰਦਿਆਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜੀ ਨਿਆਂ ਦੀ ਯਾਤਰਾ ਦਾ ਮੁੱਖ ਤੌਰ ‘ਤੇ ਪਰ ਲੁਕਵੇਂ ਢੰਗ ਨਾਲ ਵਿਰੋਧ ਆਰ ਐੱਸ ਐੱਸ ਵਰਗੀ ਸ਼ਕਤੀਸ਼ਾਲੀ ਸੰਸਥਾ ਵੱਲੋਂ ਅਜੇ ਵੀ ਕੀਤਾ ਜਾ ਰਿਹਾ ਹੈ, ਜੋ ਆਪਣਾ ਪ੍ਰਤੀਗਾਮੀ ਏਜੰਡਾ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਅੱਗੇ ਵਧਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਵੱਲੋਂ ਉੱਚ ਵਿੱਦਿਅਕ ਸੰਸਥਾਨਾਂ ਵਿੱਚ ਬਰਾਬਰੀ ਨੂੰ ਬੜ੍ਹਾਵਾ ਦੇਣ ਲਈ 13 ਜਨਵਰੀ ਨੂੰ ਜਾਰੀ ਨੋਟੀਫਿਕੇਸ਼ਨ ਨੂੰ ਆਰ ਐੱਸ ਐੱਸ ਦੇ ਦਬਾਅ ਹੇਠ ਵਾਪਸ ਲੈਣਾ ਹੈ, ਜਿਸ ਵਿੱਚ ਸਾਰੀਆਂ ਭਾਰਤੀ ਯੂਨੀਵਰਸਿਟੀਆਂ ਵਿੱਚ ਕਮਜ਼ੋਰ ਤਬਕਿਆਂ ਦੇ ਵਿਦਿਆਰਥੀਆਂ ਨਾਲ ਜਾਤੀਵਾਦੀ ਵਿਤਕਰੇ ਵਿਰੁੱਧ ਸਖਤ ਨਿਯਮਾਂ ਦੀ ਵਿਵਸਥਾ ਕੀਤੀ ਗਈ ਸੀ। ਜਿੱਥੇ ਆਰ ਐੱਸ ਐੱਸ ਦਾ ਮੁਸਲਮ ਵਿਰੋਧੀ ਏਜੰਡਾ ਸਾਫ ਨਜ਼ਰ ਆਉਂਦਾ ਹੈ, ਉੱਥੇ ਉਸ ਦਾ ਦਲਿਤ ਵਿਰੋਧੀ ਏਜੰਡਾ ਪਰਦੇ ਦੇ ਪਿੱਛਿਓਂ ਚਲਾਇਆ ਜਾਂਦਾ ਹੈ। ਜਾਤੀਵਾਦ ਦੇ ਖਾਤਮੇ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਇਸ ਦਾ ਮੁਕਾਬਲਾ ਕੀਤਾ ਜਾਣਾ ਜ਼ਰੂਰੀ ਹੈ।



