ਲੰਡਨ : ਹਾਰਮੁਜ਼ ਜਲਡਮਰੂ ਦੀ ਨਾਕਾਬੰਦੀ ਨੂੰ ਲੈ ਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਸਪੱਸ਼ਟ ਕੀਤਾ ਕਿ ਦਬਾਅ ਚਾਹੇ ਜਿੰਨਾ ਵੀ ਹੋਵੇ, ਬ੍ਰਿਟੇਨ ਨਾ ਤਾਂ ਈਰਾਨ ਨਾਲ ਜੰਗ ਵਿੱਚ ਸ਼ਾਮਲ ਹੋਵੇਗਾ ਅਤੇ ਨਾ ਹੀ ਇਸ ਨਾਕਾਬੰਦੀ ਦਾ ਹਿੱਸਾ ਬਣੇਗਾ। ਉਨ੍ਹਾ ਕਿਹਾ, ‘ਅਸੀਂ ਇਸ ਨਾਕਾਬੰਦੀ ਦਾ ਸਮਰਥਨ ਨਹੀਂ ਕਰ ਰਹੇ।’
ਸਟਾਰਮਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਜਲਡਮਰੂ ਨੂੰ ਮੁੜ ਖੁਲ੍ਹਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਊਰਜਾ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਬ੍ਰਿਟੇਨ ਫਰਾਂਸ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦੀ ਰੱਖਿਆ ਲਈ ਇੱਕ ਵੱਡਾ ਗੱਠਜੋੜ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਬ੍ਰਿਟੇਨ ਕੋਲ ਬਾਰੂਦੀ ਸੁਰੰਗਾਂ ਹਟਾਉਣ ਵਾਲੇ ਜਹਾਜ਼ ਮੌਜੂਦ ਹਨ, ਪਰ ਸਟਾਰਮਰ ਨੇ ਸਪੱਸ਼ਟ ਕੀਤਾ ਕਿ ਇਹ ਟਰੰਪ ਦੀ ਨਾਕਾਬੰਦੀ ਦਾ ਹਿੱਸਾ ਨਹੀਂ ਹੋਣਗੇ। ਟਰੰਪ ਨੇ ਦਾਅਵਾ ਕੀਤਾ ਸੀ ਕਿ ਇਸ ਨਾਕਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ, ਪਰ ਬ੍ਰਿਟੇਨ ਦੇ ਇਨਕਾਰ ਨੇ ਉਨ੍ਹਾ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਅਤੇ ਅਮਰੀਕੀ ਕੇਂਦਰੀ ਕਮਾਂਡ ਨੇ ਐਲਾਨ ਕੀਤਾ ਹੈ ਕਿ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਜਿਹੜਾ ਵੀ ਜਹਾਜ਼ ਈਰਾਨ ਨੂੰ ਕਿਸੇ ਵੀ ਤਰ੍ਹਾਂ ਦਾ ‘ਟੈਕਸ’ ਜਾਂ ‘ਫੀਸ’ ਦੇਵੇਗਾ, ਉਸ ਨੂੰ ਅੰਤਰਰਾਸ਼ਟਰੀ ਜਲ ਖੇਤਰ ਵਿੱਚੋਂ ਲੰਘਣ ਨਹੀਂ ਦਿੱਤਾ ਜਾਵੇਗਾ।
ਜੇ ਕਿਸੇ ਈਰਾਨੀ ਨੇ ਅਮਰੀਕੀ ਜਾਂ ਕਿਸੇ ਸ਼ਾਂਤੀਪੂਰਨ ਜਹਾਜ਼ ‘ਤੇ ਗੋਲੀ ਚਲਾਈ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਹਾਰਮੁਜ਼ ਬੰਦ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਹੀ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਚੁੱਕੀਆਂ ਹਨ।



