ਕਾਨੂੰਨੀ ਵਾਰਸ ਨੂੰ ਬੀਮਾ ਕਲੇਮ ਦਾ ਹੱਕ ਨਹੀਂ, ਨੌਮਨੀ ਹੋਣਾ ਲਾਜ਼ਮੀ

0
355

ਨਵੀਂ ਦਿੱਲੀ : ਲਾਈਫ ਇੰਸ਼ੋਰੈਂਸ ਪਾਲਿਸੀ ਹੋਲਡਰ ਦਾ ਨਾਮਜ਼ਦ ਲਾਭਪਾਤਰੀ (ਬੈਨੀਫਿਸ਼ੀਅਲ ਨੌਮਨੀ) ਪਾਲਿਸੀ ਹੋਲਡਰ ਦੀ ਮੌਤ ਤੋਂ ਬਾਅਦ ਬੀਮਾ ਕਲੇਮ ਦੀ ਰਕਮ ਹਾਸਲ ਕਰਨ ਦੇ ਯੋਗ ਹੈ, ਪਰ ਨੌਮਨੀ ਕਰੀਬੀ ਪਰਵਾਰਕ ਮੈਂਬਰ ਮਾਂ-ਬਾਪ, ਪਤੀ-ਪਤਨੀ ਜਾਂ ਬੱਚੇ ਹੋਣੇ ਚਾਹੀਦੇ ਹਨ, ਕਾਨੂੰਨੀ ਵਾਰਸ ਰਕਮ ਦਾ ਦਾਅਵਾ ਨਹੀਂ ਕਰ ਸਕਦਾ | ਕਾਨੂੰਨੀ ਵਾਰਸ ਬੀਮਾ ਪਾਲਿਸੀ ਦੇ ਵੇਰਵੇ ਵੀ ਹਾਸਲ ਨਹੀਂ ਕਰ ਸਕਦੇ, ਜੇ ਉਨ੍ਹਾਂ ਨੂੰ ਪਾਲਿਸੀ ਹੋਲਡਰ ਨੇ ਨੌਮਨੀ ਨਾ ਬਣਾਇਆ ਹੋਵੇ | ਇਹ ਫੈਸਲਾ ਕੇਂਦਰੀ ਸੂਚਨਾ ਕਮਿਸ਼ਨ ਨੇ ਦਿੱਤਾ ਹੈ |
ਇਕ ਵਿਅਕਤੀ ਨੇ ਐੱਲ ਆਈ ਸੀ ਛੱਤੀਸਗੜ੍ਹ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਕੋਲ ਸੂਚਨਾ ਦਾ ਅਧਿਕਾਰ ਐਕਟ-2005 ਤਹਿਤ ਅਰਜ਼ੀ ਦੇ ਕੇ ਆਪਣੇ ਮਰਹੂਮ ਪਿਤਾ ਦੇ ਨੌਮਨੀਆਂ ਤੇ ਪਾਲਿਸੀਆਂ ਬਾਰੇ ਵੇਰਵੇ ਮੰਗੇ ਸਨ | ਅਧਿਕਾਰੀ ਨੇ ਉਸ ਦੀ ਬੇਨਤੀ ਰੱਦ ਕਰ ਦਿੱਤੀ | ਉਸ ਤੋਂ ਬਾਅਦ ਉਸ ਨੇ 18 ਨਵੰਬਰ 2020 ਨੂੰ ਪ੍ਰਥਮ ਅਪੀਲੀ ਅਥਾਰਟੀ ਕੋਲ ਅਪੀਲ ਦਾਖਲ ਕੀਤੀ, ਪਰ ਫਿਰ ਵੀ ਗੱਲ ਨਾ ਬਣੀ | ਫਿਰ ਉਸ ਨੇ ਦੂਜੀ ਅਪੀਲ ਦਾਖਲ ਕੀਤੀ ਤਾਂ ਅਧਿਕਾਰੀ ਨੇ 21 ਸਤੰਬਰ 2022 ਨੂੰ ਕਿਹਾ ਕਿ ਪਾਲਿਸੀਆਂ ਦੇ ਵੇਰਵੇ ਦੱਸਣ ਨਾਲ ਥਰਡ ਪਾਰਟੀ ਦੇ ਕਮਰਸ਼ੀਅਲ ਹਿੱਤਾਂ ‘ਤੇ ਮਾੜਾ ਅਸਰ ਪਵੇਗਾ | ਉਨ੍ਹਾਂ ਨੂੰ ਸੂਚਨਾ ਦਾ ਅਧਿਕਾਰ ਐਕਟ-2005 ਦੇ ਸੈਕਸ਼ਨ 8 (1) (ਡੀ) ਤਹਿਤ ਛੋਟ ਹਾਸਲ ਹੈ ਕਿ ਉਹ ਅਜਿਹੀ ਜਾਣਕਾਰੀ ਨਹੀਂ ਦੇ ਸਕਦੇ |
ਇਸ ਤੋਂ ਬਾਅਦ ਵਿਅਕਤੀ ਕੇਂਦਰੀ ਸੂਚਨਾ ਕਮਿਸ਼ਨ ਕੋਲ ਪੁੱਜਾ | ਕਮਿਸ਼ਨ ਨੇ ਆਪਣੇ ਹੁਕਮ ਵਿਚ ਕਿਹਾ ਕਿ ਪਾਲਿਸੀਆਂ ਦਾ ਲਾਭ ਪਾਲਿਸੀ ਹੋਲਡਰ ਜਾਂ ਨੌਮਨੀ ਨੂੰ ਹੀ ਦਿੱਤਾ ਜਾ ਸਕਦਾ ਹੈ, ਜਿਵੇਂ ਕਿ ਪਾਲਿਸੀ ਵਿਚ ਦਰਸਾਇਆ ਗਿਆ ਹੈ | ਸਿਰਫ ਇਸ ਕਰਕੇ ਕਿ ਅਰਜ਼ੀ ਦੇਣ ਵਾਲਾ ਆਪਣੇ ਮਰਹੂਮ ਪਿਤਾ ਦਾ ਕਾਨੂੰਨੀ ਵਾਰਸ ਹੈ, ਉਸ ਨੂੰ ਉਸ ਵੱਲੋਂ ਮੰਗੀ ਸੂਚਨਾ ਹਾਸਲ ਕਰਨ ਦਾ ਹੱਕਦਾਰ ਨਹੀਂ ਬਣਾ ਦਿੰਦਾ |
ਇਸ ਕਰਕੇ ਕਾਨੂੰਨੀ ਵਾਰਸਾਂ ਨੂੰ ਪਾਲਿਸੀ ਨਾਲ ਸੰਬੰਧਤ ਵੇਰਵੇ ਹਾਸਲ ਕਰਨ ਦਾ ਕੋਈ ਹੱਕ ਨਹੀਂ ਹੈ |

LEAVE A REPLY

Please enter your comment!
Please enter your name here