ਸ਼ਿਮਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਬਿਲਾਸਪੁਰ ’ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਾ ਉਦਘਾਟਨ ਕੀਤਾ। ਮੋਦੀ ਨੇ ਹੀ ਅਕਤੂਬਰ 2017 ’ਚ ਇਸ ਦਾ ਨੀਂਹ ਪੱਥਰ ਰੱਖਿਆ ਸੀ। 247 ਏਕੜ ਵਿਚ ਇਹ 1,470 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਅਤਿ-ਆਧੁਨਿਕ ਹਸਪਤਾਲ ’ਚ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗ, 18 ਮਾਡਿਊਲਰ ਅਪਰੇਸ਼ਨ ਥੀਏਟਰ, 64 ਆਈ ਸੀ ਯੂ ਬੈੱਡਾਂ ਨਾਲ 750 ਬੈੱਡ ਹਨ।
ਮੋਦੀ ਨੇ ਹਾਈਡਰੋ ਇੰਜੀਨੀਅਰਿੰਗ ਕਾਲਜ ਦਾ ਵੀ ਉਦਘਾਟਨ ਕੀਤਾ। ਹਿਮਾਚਲ ਅਸੰਬਲੀ ਚੋਣਾਂ ਨਵੰਬਰ ਵਿਚ ਹੋਣੀਆਂ ਹਨ। ਮੋਦੀ ਨੇ ਰੈਲੀ ਵਿਚ ਆਪੋਜ਼ੀਸ਼ਨ ’ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾ ਦੀ ਸਰਕਾਰ ਸਿਰਫ ਭੂਮੀ ਪੂਜਨ ਹੀ ਨਹੀਂ ਕਰਦੀ, ਪ੍ਰੋਜੈਕਟਾਂ ਨੂੰ ਸਿਰੇ ਵੀ ਲਾਉਦੀ ਹੈ। ਉਨ੍ਹਾ ਇਹ ਵੀ ਕਿਹਾਹਿਮਾਚਲ ਵੀਰਾਂ ਦੀ ਧਰਤੀ ਹੈ। ਮੈਂ ਇੱਥੋਂ ਦੀ ਰੋਟੀ ਖਾਧੀ ਹੈ। ਮੈਂ ਇਸ ਦਾ ਕਰਜ਼ ਵੀ ਚੁਕਾਉਣਾ ਹੈ।
ਇਸ ਤੋਂ ਬਾਅਦ ਉਹ ਕੁੱਲੂ ਪਹੁੰਚੇ ਅਤੇ ਕੁੱਲੂ ਦੇ ਦੁਸਹਿਰੇ ਵਿਚ ਸ਼ਾਮਲ ਹੋ ਕੇ ਭਗਵਾਨ ਰਘੂਨਾਥ ਦੇ ਦਰਸ਼ਨ ਕੀਤੇ। ਉਹ ਭਾਜਪਾ ਦੇ ਹਿਮਾਚਲ ਦੇ ਇੰਚਾਰਜ ਹੋਣ ਵੇਲੇ ਮੇਲੇ ਵਿਚ ਅਕਸਰ ਆਉਦੇ ਰਹਿੰਦੇ ਸਨ।




